ਪੱਤਰ ਪ੍ਰੇਰਕ
ਲਹਿਰਾਗਾਗਾ, 9 ਜੂਨ
ਲੋਕ ਚੇਤਨਾ ਮੰਚ ਅਤੇ ਬੀਕੇਯੂ ਏਕਤਾ ਉਗਰਾਹਾਂ ਨੇ ਸੰਸਦ ਮੈਂਬਰ ਤੇ ਅਦਾਕਾਰਾ ਕੰਗਨਾ ਰਣੌਤ ਵੱਲੋਂ ਪੰਜਾਬ ਵਿੱਚ ਅਤਿਵਾਦ ਸਬੰਧੀ ਦਿੱਤੇ ਬਿਆਨ ਦੀ ਨਿਖੇਧੀ ਕੀਤੀ ਹੈ। ਮੰਚ ਦੇ ਪ੍ਰਧਾਨ ਗਿਆਨ ਚੰਦ ਸ਼ਰਮਾ ਤੇ ਬੀਕੇਯੂ ਦੇ ਬਲਾਕ ਪ੍ਰਧਾਨ ਧਰਮਿੰਦਰ ਸਿੰਘ ਪਿਸ਼ੌਰ ਨੇ ਕਿਹਾ ਕਿ ਕੰਗਨਾ ਰਣੌਤ ਦਾ ਇਹ ਕਹਿਣਾ ਗਲਤ ਹੈ ਕਿ ਪੰਜਾਬ ਵਿੱਚ ਅਤਿਵਾਦ ਵਧ ਰਿਹਾ ਹੈ। ਕੰਗਨਾ ਦਾ ਇਹ ਬਿਆਨ ਉਸ ਦੇ ਪਹਿਲੇ ਬਿਆਨਾਂ ਵਾਂਗ ਗੈਰਜ਼ਿੰਮੇਵਾਰੀ ਵਾਲਾ ਅਤੇ ਪੰਜਾਬ ਦੇ ਲੋਕਾਂ ਦੇ ਅਕਸ ਨੂੰ ਖਰਾਬ ਕਰਨ ਵਾਲਾ ਹੈ। ਚੰਡੀਗੜ੍ਹ ਏਅਰਪੋਰਟ ’ਤੇ ਜਿਹੜੀ ਘਟਨਾ ਵਾਪਰੀ ਹੈ ਉਹ ਦੇ ਲਈ ਵੀ ਕੰਗਨਾ ਦੇ ਕਿਸਾਨ ਔਰਤਾਂ ਅਤੇ ਕਿਸਾਨ ਅੰਦੋਲਨ ਬਾਰੇ ਭਰੀ ਬਿਆਨਬਾਜ਼ੀ ਜ਼ਿੰਮੇਵਾਰ ਹੈ। ਉਹ ਬੁਰੀ ਤਰ੍ਹਾਂ ਭਾਜਪਾ ਦੇ ਫਿਰਕੂ ਤੇ ਗੈਰ ਜਮਹੂਰੀ ਸਿਆਸਤ ਅਤੇ ਸੱਭਿਆਚਾਰ ਵਿੱਚ ਰੰਗੀ ਹੋਈ ਹੈ। ਉਨ੍ਹਾਂ ਸੀਆਈਐੱਸਐੱਫ਼ ਵੱਲੋਂ ਪੰਜਾਬ ਦੀ ਬਹਾਦਰ ਲੜਕੀ ਨੂੰ ਗ੍ਰਿਫ਼ਤਾਰ ਕਰਨ ਦੀ ਵੀ ਨਿਖੇੇਧੀ ਕੀਤੀ ਹੈ।
ਕੰਗਨਾ ਵੱਲੋਂ ਘਟਨਾ ਨੂੰ ਅਤਿਵਾਦ ਨਾਲ ਜੋੜਨਾ ਗਲਤ: ਰਵੀ ਕਾਂਤ
ਪਟਿਆਲਾ: ਸੀਆਈਐੱਸਐੱਫ ਦੀ ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਵੱਲੋਂ ਕੰਗਨਾ ਰਣੌਤ ਦੇ ਥੱਪੜ ਮਾਰਨ ਦੇ ਮਾਮਲੇ ਵਿੱਚ ਅਦਾਕਾਰਾ ਵੱਲੋਂ ਪੰਜਾਬ ਵਿੱਚ ਅਤਿਵਾਦੀ ਬਾਰੇ ਦਿੱਤੇ ਬਿਆਨ ਦੀ ‘ਹਿੰਦੂ ਜਥੇਬੰਦੀ ਪੋਰਸ ਪੰਜਾਬ ਦਾ’ ਦੇ ਮੁਖੀ ਮਹੰਤ ਰਵੀ ਕਾਂਤ ਨੇ ਨਿਖੇਧੀ ਕੀਤੀ ਹੈ। ਰਵੀ ਕਾਂਤ ਨੇ ਕਿਹਾ ਕਿ ਇਸ ਘਟਨਾ ਨੂੰ ਅਤਿਵਾਦ ਨਾਲ ਜੋੜਨਾ ਗ਼ਲਤ ਹੈ। -ਨਿੱਜੀ ਪੱਤਰ ਪ੍ਰੇਰਕ