ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 9 ਜੂਨ
ਆਲ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਸੰਗਰੂਰ ਦੀ ਇਕੱਤਰਤਾ ਸਰਪ੍ਰਸਤ ਜਗਦੀਸ ਸ਼ਰਮਾ, ਪ੍ਰਧਾਨ ਸੁਰਿੰਦਰ ਬਾਲੀਆਂ, ਪੁਲੀਸ ਪੈਨਸ਼ਨਜ਼ ਪ੍ਰਧਾਨ ਅਜਮੇਰ ਸਿੰਘ ਦੀ ਅਗਵਾਈ ਵਿੱਚ ਡੀਸੀ ਕੰਪਲੈਕਸ ਵਿੱਚ ਕੀਤੀ ਗਈ। ਮੀਟਿੰਗ ਵਿੱਚ ਪੈਨਸ਼ਨਰਾਂ ਦੇ ਭਖਦੇ ਮਸਲੇ 1-1-2016 ਤੋਂ 30-06-21 ਦਾ ਬਕਾਇਆ, ਡੀ.ਏ. ਦੀਆਂ 12 ਫ਼ੀਸਦ ਕਿਸ਼ਤਾਂ, ਕੋਰਟ ਕੇਸਾਂ ਦੇ ਫੈਸਲੇ ਲਾਗੂ ਕਰਨਾ ਉੱਪਰ ਗੰਭੀਰਤਾ ਨਾਲ ਚਰਚਾ ਕੀਤੀ। ਸਰਕਾਰ ਵੱਲੋਂ ਇਨ੍ਹਾਂ ਮੰਗਾਂ ਪ੍ਰਤੀ ਦਿਖਾਈ ਲਾਪ੍ਰਵਾਹੀ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਇਸ ਮੌਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਗੀਤਾਂਜਲੀ ਛਾਬੜਾ ਅਤੇ ਉਸ ਦੇ ਸਹਿਯੋਗੀ ਵਕੀਲ ਨੇ ਮੀਟਿੰਗ ਵਿਚ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋ ਕੇ ਪੈਨਸ਼ਨਰਾਂ ਦੇ ਕੋਰਟ ਕੇਸਾਂ ਨਾਲ ਸਬੰਧਤ ਮਸਲਿਆਂ ’ਤੇ ਵਿਚਾਰ ਸਾਂਝੇ ਕੀਤੇ ਅਤੇ ਭਰੋਸਾ ਦਿੱਤਾ ਕਿ ਪੈਨਸ਼ਨਰਾਂ ਦੇ ਹਰ ਇੱਕ ਕੇਸ ਨੂੰ ਪੂਰੀ ਇਮਾਨਦਾਰੀ ਨਾਲ ਲੜਿਆ ਜਾਵੇਗਾ। ਇਸ ਮੌਕੇ ਵਕੀਲ ਗੀਤਾਂਜਲੀ ਛਾਬੜਾ ਨੂੰ ਸਨਮਾਨਿਤ ਕੀਤਾ ਗਿਆ ਅਤੇ ਐਸੋਸੀਏਸ਼ਨ ਵੱਲੋਂ ਕਾਨੂੰਨੀ ਸਲਾਹਕਾਰ ਵੀ ਨਿਯੁਕਤ ਕੀਤਾ ਗਿਆ। ਇਸ ਮੌਕੇ ਬਿੱਕਰ ਸਿੰਘ ਸਿਬੀਆ, ਭਰਤ ਹਰੀ ਸਿੰਘ, ਬਾਲ ਕਿਸ਼ਨ ਚੌਹਾਨ, ਮੋਹਨ ਸਿੰਘ ਬਾਵਾ, ਸੱਤਪਾਲ ਕਲਸੀ ਤੇ ਬਲਵੰਤ ਸਿੰਘ ਢਿੱਲੋਂ ਆਦਿ ਹਾਜ਼ਰ ਸਨ।