ਨਿੱਜੀ ਪੱਤਰ ਪ੍ਰੇਰਕ
ਮੋਗਾ, 9 ਜੂਨ
ਦੇਸ਼ ਦੀ ਆਜ਼ਾਦੀ ਲਈ ਜਾਨਾਂ ਵਾਰਨ ਵਾਲੇ ਸ਼ਹੀਦਾਂ ਦੇ ਜਨਮ ਅਸਥਾਨਾਂ ਦਾ ਵਿਕਾਸ ਕਰਨਾ ਭਗਵੰਤ ਸਿੰਘ ਮਾਨ ਦੀ ਸਰਕਾਰ ਦੀ ਪਹਿਲੀ ਤਰਜੀਹ ਹੈ। ਇਹ ਗੱਲਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਲਾਲਾ ਲਾਜਪਤ ਰਾਏ ਦੇ ਜਨਮ ਅਸਥਾਨ ਯਾਦਗਾਰ ਕਮੇਟੀ ਢੁੱਡੀਕੇ ਦੇ ਜਨਰਲ ਸਕੱਤਰ ਰਣਜੀਤ ਸਿੰਘ ਧੰਨਾ ਦੀ ਅਗਵਾਈ ਹੇਠ ਪਿੰਡ ਠੱਠੀ ਭਾਈ ਵਿੱਚ ਮਿਲਣ ਲਈ ਆਏ ਵਫ਼ਦ ਨਾਲ ਗੱਲਬਾਤ ਕਰਦਿਆਂ ਕਹੀਆਂ। ਇਸ ਵਫ਼ਦ ਵਿਚ ਰਾਜਨ ਸਿੰਘ ਸਕੱਤਰ, ਸਰਬਜੀਤ ਸਿੰਘ ਮੈਂਬਰ ਵੀ ਸਾਮਲ ਸਨ। ਸ੍ਰੀ ਸੰਧਵਾਂ ਨੇ ਕਿਹਾ ਕਿ ਮੌਜੂਦਾ ਭਗਵੰਤ ਸਿੰਘ ਮਾਨ ਸਰਕਾਰ ਨੇ ਜਿੱਤਣ ਤੋਂ ਬਾਅਦ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਅਸਥਾਨ ’ਤੇ ਮੱਥਾ ਟੇਕਿਆ ਸੀ। ਉਨ੍ਹਾਂ ਕਿਹਾ ਕਿ 28 ਜਨਵਰੀ ਨੂੰ ਲਾਲਾ ਲਾਜਪਤ ਰਾਏ ਜੀ ਦੇ ਜਨਮ ਅਸਥਾਨ ’ਤੇ ਪੁੱਜ ਕੇ ਸ਼ਰਧਾ ਦੇ ਫੁੱਲ ਅਰਪਿਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਸੀ। ਉਸ ਵੇਲੇ ਲਾਲਾ ਲਾਜਪਤ ਰਾਏ ਯਾਦਗਾਰ ਦੇ ਵਿਕਾਸ ਲਈ ਡੇਢ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਸੀ ਪਰ ਲੋਕ ਸਭਾ ਚੋਣਾਂ ਕਰਕੇ ਦੇਸ਼ ਭਰ ਲਾਗੂ ਚੋਣ ਜ਼ਾਬਤੇ ਕਰਕੇ ਗਰਾਂਟ ਜਾਰੀ ਨਹੀਂ ਕੀਤੀ ਜਾ ਸਕੀ ਸੀ। ਅੱਜ ਸੰਧਵਾਂ ਨੇ ਰਣਜੀਤ ਸਿੰਘ ਧੰਨਾ ਨੂੰ ਡੇਢ ਲੱਖ ਰੁਪਏ ਦਾ ਚੈਕ ਭੇਟ ਕੀਤਾ। ਇਸ ਮੌਕੇ ਐਡਵੋਕੇਟ ਬੀਰਿੰਦਰ ਸਿੰਘ ਸੰਧਵਾਂ, ਮਨਪ੍ਰੀਤ ਸਿੰਘ ਮਣੀ ਧਾਲੀਵਾਲ ਤੇ ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਫਸਰ ਗਿਆਨ ਸਿੰਘ ਆਦਿ ਸ਼ਾਮਲ ਸਨ।