ਖੇਤਰੀ ਪ੍ਰਤੀਨਿਧ
ਲੁਧਿਆਣਾ, 9 ਜੂਨ
ਪਬਲਿਕ ਐਕਸ਼ਨ ਕਮੇਟੀ (ਪੀਏਸੀ), ਮੱਤੇਵਾੜਾ ਜੰਗਲਾਂ, ਸਤਲੁਜ ਦਰਿਆ ਅਤੇ ਬੁੱਢਾ ਦਰਿਆ ਦੇ ‘ਪਾਣੀਆਂ ਦੇ ਹਾਣੀ’ ਨੇ ਰੋਜ਼ ਗਾਰਡਨ, ਲੁਧਿਆਣਾ ਵਿੱਚ ਮਿਨੀ ਵਾਤਾਵਰਨ ਮੇਲਾ ਅਤੇ ਗੁੱਡ ਮਾਰਨਿੰਗ ਜਾਗਰੂਕਤਾ ਸੈਰ ਦਾ ਪ੍ਰਬੰਧ ਕੀਤਾ। ਇਹ ਪ੍ਰੋਗਰਾਮ ਅੱਜ ਸਵੇਰੇ 6 ਤੋਂ 8 ਵਜੇ ਤੱਕ ਚੱਲ ਰਹੀ ਬੁੱਢਾ ਦਰਿਆ ਪੈਦਲ ਯਾਤਰਾ (ਬੀਡੀਪੀ) ਭਾਗ-5 ਦੇ ਪੜਾਅ-10 ਦਾ ਮਹੱਤਵਪੂਰਨ ਹਿੱਸਾ ਸੀ।
ਇਸ ਮੌਕੇ ਇਕੱਠੇ ਹੋਏ ਵਾਤਾਵਰਨ ਪੱਖੀ ਜਥੇਬੰਦੀਆਂ ਦੇ ਨੁਮਾਇੰਦਿਆਂ ਅਤੇ ਵਾਤਾਵਰਨ ਪ੍ਰੇਮੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਮੂਹਿਕ ਕੋਸ਼ਿਸ਼ ਦਾ ਉਦੇਸ਼ ਬੁੱਢਾ ਦਰਿਆ ਅਤੇ ਹੋਰ ਮਹੱਤਵਪੂਰਨ ਜਲ ਭੰਡਾਰਾਂ ਵਿੱਚ ਜਲ ਪ੍ਰਦੂਸ਼ਣ ਦੇ ਪ੍ਰਮੁੱਖ ਮੁੱਦੇ ਨੂੰ ਉਜਾਗਰ ਕਰਨਾ ਹੈ। ਜਾਗਰੂਕਤਾ ਮੁਹਿੰਮ ਇਸ ਦੇ ਨਾਲ-ਨਾਲ ਧਰਤੀ ਦੇ ਹੇਠਲੇ ਪਾਣੀ, ਹਵਾ ਦੀ ਗੁਣਵੱਤਾ ਅਤੇ ਧਰਤੀ ਦੀ ਸਿਹਤ ਨੂੰ ਪ੍ਰਭਾਵਿਤ ਕਰਨ ਵਾਲੇ ਵਧ ਰਹੇ ਪ੍ਰਦੂਸ਼ਣ ਸੰਕਟ ਨਾਲ ਨਜਿੱਠਣ ਉੱਤੇ ਕੇਂਦਰਤ ਹੈ। ਇਸ ਮੇਲੇ ਦੌਰਾਨ ਗ੍ਰੀਨ ਥਮ ਨੇ ਸਾਂਝੇ ਉੱਦਮ ਦੇ ਹਿੱਸੇ ਵਜੋਂ ਘਰੇਲੂ ਕੂੜੇ ਨੂੰ ਵੱਖ-ਵੱਖ ਕਰਨ ਅਤੇ ਨਿਬੇੜਾ ਪ੍ਰਬੰਧਨ ਦੇ ਪ੍ਰਭਾਵਸ਼ਾਲੀ ਉਪਾਵਾਂ, ਘਰਾਂ ਨੂੰ ਰਸਾਇਣ ਮੁਕਤ ਬਣਾਉਣ ਲਈ ਬਾਇਓਐਨਜ਼ਾਈਮ ਤੇ ਛੱਤਾਂ ਦੇ ਬਗੀਚੇ ਵਿੱਚ ਕੀਟਨਾਸ਼ਕ ਮੁਕਤ ਸਬਜ਼ੀਆਂ ਉਗਾਉਣ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸੰਸਥਾ ਸੰਭਵ ਵੱਲੋਂ ਨੋਬਲ ਕਾਰਜ ਦੇ ਸਾਂਝੇ ਪ੍ਰਚਾਰ ਵਿੱਚ ਲੁਧਿਆਣਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਹਰਾ-ਭਰਾ ਬਣਾਉਣ ਦਾ ਭਰੋਸਾ ਦਿੱਤਾ। ਮਿਨੀ ਵਾਤਾਵਰਨ ਮੇਲੇ ਵਿੱਚ ਪਾਣੀ ਪ੍ਰਦੂਸ਼ਣ ’ਤੇ ਵਿਚਾਰਾਂ ਦੀ ਸਾਂਝ ਵੀ ਪਾਈ ਗਈ। ਸਮਾਗਮ ਦੌਰਾਨ ਇਹ ਵੀ ਦੱਸਿਆ ਕਿ ਪੀਏਸੀ 7 ਜੁਲਾਈ ਨੂੰ ਮੱਤੇਵਾੜਾ ਜੰਗਲਾਂ ਦੇ ਪ੍ਰਚਾਰ ਦੀ ਦੂਜੀ ਵਰ੍ਹੇਗੰਢ ਦੇ ਨਾਲ ਪ੍ਰਭਾਵਸ਼ਾਲੀ ਵਾਤਾਵਰਨ ਪ੍ਰੋਗਰਾਮ ਲਈ ਤਿਆਰੀ ਕਰ ਰਹੀ ਹੈ। ਐੱਨਜੀਟੀ ਨੂੰ ਗਿਆਸਪੁਰਾ ਦੀਆਂ ਦੁਖਦਾਈ ਘਟਨਾਵਾਂ ਦੇ ਪੀੜਤਾਂ ਲਈ ਨਿਆਂ ਦੀ ਪੈਰਵੀ ਦੀ ਯਾਦ ਦਿਵਾਉਣ, ਮੱਤੇਵਾੜਾ ਦੇ ਜੰਗਲਾਂ ਦੀ ਸੁਰੱਖਿਆ ਅਤੇ ਲੁਧਿਆਣਾ ਵਿੱਚ ਹਰੀਆਂ-ਭਰੀਆਂ ਥਾਵਾਂ ਦੀ ਸੰਭਾਲ ਕਰਨ ਦੀ ਗੱਲ ਵੀ ਹੋਈ। ਅੱਜ ਦੇ ਇਸ ਸਮਾਗਮ ਦੀ ਅਗਵਾਈ ਐਡਵੋਕੇਟ ਯੋਗੇਸ਼ ਖੰਨਾ ਅਤੇ ਉਨ੍ਹਾਂ ਦੀ ਟੀਮ ਨੇ ਕੀਤੀ। ਇਸ ਟੀਮ ਵਿੱਚ ਲਾਵਨਿਆ ਖੰਨਾ, ਅਮਿਤ ਅਰੋੜਾ, ਤਾਨਿਆ ਅਰੋੜਾ, ਕਪਿਸ਼ ਸਚਦੇਵ, ਰਿਤੂ ਮੱਲ੍ਹਨ, ਜਪਲੀਨ, ਹਰਜਾਪ ਸਿੰਘ, ਅਮਨਦੀਪ ਕੌਰ, ਸੁਖਵਿੰਦਰ ਸਿੰਘ ਗੋਲਡੀ, ਅਨੀਤਾ ਸ਼ਰਮਾ, ਸਤਪਾਲ ਸ਼ਰਮਾ, ਪ੍ਰੋ. ਨਰਿੰਦਰ ਸਿੰਘ ਮਸੌਣ, ਰਣਜੋਧ ਸਿੰਘ, ਅਮਨਦੀਪ ਕੌਰ, ਰਾਜਿੰਦਰ ਸਿੰਘ ਕਾਲੜਾ, ਗੁਰਪ੍ਰੀਤ ਸਿੰਘ ਪਲਾਹਾ, ਮਹਿੰਦਰ ਸਿੰਘ ਸੇਖੋਂ, ਮਨਿੰਦਰਜੀਤ ਸਿੰਘ ਬੈਨੀਪਾਲ ਸ਼ਾਮਲ ਸਨ।