ਡੀਪੀਅੱੈਸ ਬੱਤਰਾ
ਸਮਰਾਲਾ, 9 ਜੂਨ
ਸਬ-ਡਿਵੀਜ਼ਨ ਸਮਰਾਲਾ ਦੇ ਪਿੰਡ ਗੋਹ ਅਤੇ ਸੇਹ ਵਿੱਚ ਲੱਗਣ ਜਾ ਰਹੇ ਬਾਇਓਗੈਸ ਪਲਾਂਟ ਦੇ ਵਿਰੋਧ ਵਿਚ ਪਿੰਡ ਵਾਸੀਆਂ ਵੱਲੋਂ ਇਕ ਪੱਤਰ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਅਤੇ ਖੰਨਾ ਦੇ ਵਿਧਾਇਕ ਤਰਣਪ੍ਰੀਤ ਸਿੰਘ ਸੌਂਦ ਨੂੰ ਮੰਗ ਪੱਤਰ ਸੌਂਪਿਆ ਗਿਆ| ਇਸ ਵਿਚ ਮੰਗ ਕੀਤੀ ਗਈ ਕਿ ਇਸ ਬਾਇਓਗੈਸ ਪਲਾਂਟ ਨੂੰ ਇੱਥੇ ਬਣਨ ਤੋਂ ਤੁਰੰਤ ਰੋਕਿਆ ਜਾਵੇ।
ਮੰਗ ਪੱਤਰ ਦੇਣ ਵਾਲਿਆਂ ਵਿਚ ਗੁਰਜਿੰਦਰ ਸਿੰਘ, ਸਵਰਨ ਸਿੰਘ, ਜਸਵੀਰ ਸਿੰਘ, ਚਰਨਜੀਤ ਸਿੰਘ, ਸੁਰਿੰਦਰ ਸਿੰਘ, ਹਰਦੇਵ ਸਿੰਘ, ਅਮਰਿੰਦਰ ਸਿੰਘ, ਰਣਜੀਤ ਸਿੰਘ, ਹਰਦੀਪ ਸਿੰਘ ਅਤੇ ਹਰਜਿੰਦਰ ਸਿੰਘ ਅਦਿ ਨੇ ਕਿਹਾ ਕਿ ਇਸ ਪਲਾਂਟ ਦੇ ਲੱਗਣ ਨਾਲ ਸਾਡੇ ਪਿੰਡਾਂ ਵਿੱਚ ਹਵਾ ਤੇ ਪਾਣੀ ਪ੍ਰਦੂਸ਼ਿਤ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਬਾਇਓਗੈਸ ਪਲਾਂਟ ਵਿਚੋਂ ਖ਼ਤਰਨਾਕ ਗੈਸ ਨਿਕਲੇਗੀ ਜਿਸ ਨਾਲ ਪਿੰਡ ਵਾਲਿਆਂ ਅਤੇ ਗੁਆਂਢੀ ਪਿੰਡਾਂ ਨੂੰ ਸਾਹ ਲੈਣ ਵਿੱਚ ਮੁਸ਼ਕਿਲ ਪੈਦਾ ਹੋਵੇਗੀ। ਇੱਥੋ ਜੋ ਰਸਾਇਣ ਨਿਕਲੇਗਾ ਉਸ ਨੂੰ ਬੋਰ ਕਰ ਕੇ ਧਰਤੀ ਵਿਚ ਸੁੱਟਿਆ ਜਾਵੇਗਾ ਜਿਸ ਕਾਰਨ ਪੀਣ ਵਾਲਾ ਪਾਣੀ ਦੂਸ਼ਿਤ ਹੋ ਜਾਵੇਗਾ ਅਤੇ ਬਿਮਾਰੀਆਂ ਫੈਲਣ ਦਾ ਖ਼ਤਰਾ ਬਣੇਗਾ।
ਜੋ ਲੋਕ ਹਿੱਤ ਵਿੱਚ ਨਹੀਂ ਉਹ ਪ੍ਰਵਾਨ ਨਹੀਂ: ਦਿਆਲਪੁਰਾ
ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਕਿਹਾ ਕਿ ਪਿੰਡ ਗੋਹ ਤੇ ਸੇਹ ਵਿਚ ਲੱਗਣ ਜਾ ਰਹੇ ਬਾਇਓਗੈਸ ਪਲਾਂਟ ਦੇ ਵਿਰੋਧ ਵਿਚ ਉਨ੍ਹਾਂ ਨੂੰ ਪਿੰਡ ਵਾਸੀਆਂ ਵੱੱਲੋਂ ਮੰਗ ਪੱਤਰ ਦਿੱਤਾ ਗਿਆ ਹੈ ਅਤੇ ਲੋਕਾਂ ਦੀ ਇਸ ਮੰਗ ਨੂੰ ਉਹ ਸਰਕਾਰ ਤੱਕ ਪਹੁੰਚਾਉਣਗੇ। ਉਨ੍ਹਾਂ ਸਪੱਸ਼ਟ ਕੀਤਾ ਕਿ ਜੋ ਲੋਕ ਹਿੱਤ ਵਿਚ ਨਹੀਂ ਉਹ ਸਾਨੂੰ ਵੀ ਪ੍ਰਵਾਨ ਨਹੀਂ ਹੈ।
ਇਹ ਵਾਈਟ ਪ੍ਰਾਜੈਕਟ ਹੈ ਇਸ ਦਾ ਕੋਈ ਨੁਕਸਾਨ ਨਹੀਂ: ਪਲਾਂਟ ਮਾਲਕ
ਪਿੰਡ ਗੋਹ ਤੇ ਸੇਹ ਵਿੱਚ ਲੱਗਣ ਜਾ ਰਹੇ ਬਇਓਗੈਸ ਪਲਾਂਟ ਦੇ ਮਾਲਕ ਜੈਸੀ ਸਿੰਘ ਨੇ ਕਿਹਾ ਕਿ ਇਹ ਵਾਈਟ ਪ੍ਰਾਜੈਕਟ ਹੈ ਜਿਸ ਦਾ ਧਰਤੀ ਦੇ ਪਾਣੀ, ਹਵਾ ਜਾਂ ਫਿਰ ਮਨੁੱਖ ਨੂੰ ਕੋਈ ਨੁਕਸਾਨ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਪਿੰਡ ਵਾਸੀਆਂ ਨੂੰ ਇਸ ਬਾਰੇ ਪੂਰੀ ਜਾਣਕਾਰੀ ਦੇਣਗੇ ਅਤੇ ਉਨ੍ਹਾਂ ਦੇ ਖ਼ਦਸਿਆਂ ਨੂੰ ਦੂਰ ਕਰਨਗੇ।