ਦਰਸ਼ਨ ਸਿੰਘ ਸੋਢੀ
ਐੱਸਏਐਸ ਨਗਰ (ਮੁਹਾਲੀ), 9 ਜੂਨ
ਇੱਥੋਂ ਦੇ ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡੇ ’ਤੇ ਪਿਛਲੇ ਦਿਨੀਂ ਸੀਆਈਐੱਸਐੱਫ਼ ਦੀ ਮਹਿਲਾ ਜਵਾਨ ਕੁਲਵਿੰਦਰ ਕੌਰ ਵੱਲੋਂ ਬੌਲੀਵੁੱਡ ਅਦਾਕਾਰਾ ਅਤੇ ਹਿਮਾਚਲ ਪ੍ਰਦੇਸ਼ ਦੇ ਮੰਡੀ ਹਲਕੇ ਤੋਂ ਭਾਜਪਾ ਦੀ ਸੰਸਦ ਮੈਂਬਰ ਕੰਗਨਾ ਰਣੌਤ ਨੂੰ ਕਥਿਤ ਤੌਰ ’ਤੇ ਥੱਪੜ ਮਾਰਨ ਦਾ ਮਾਮਲਾ ਲਗਾਤਾਰ ਭਖਦਾ ਜਾ ਰਿਹਾ ਹੈ। ਅੱਜ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਸਣੇ ਹੋਰਨਾਂ ਕਿਸਾਨ ਜਥੇਬੰਦੀਆਂ ਅਤੇ ਇਨਸਾਫ਼ਪਸੰਦ ਲੋਕਾਂ ਨੇ ਮੁਹਾਲੀ ਵਿੱਚ ਰੋਸ ਮੁਜ਼ਾਹਰਾ ਕੀਤਾ। ਅੱਜ ਸਵੇਰੇ 10 ਵਜੇ ਹੀ ਪੰਜਾਬ ਭਰ ਵਿੱਚੋਂ ਕਿਸਾਨ, ਬੀਬੀਆਂ ਅਤੇ ਨੌਜਵਾਨ ਮੁਹਾਲੀ ਦੇ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਵਿਖੇ ਪਹੁੰਚਣੇ ਸ਼ੁਰੂ ਹੋ ਗਏ ਅਤੇ ਦੁਪਹਿਰ ਤੱਕ ਵੱਡੀ ਭੀੜ ਜਮ੍ਹਾਂ ਹੋ ਗਈ। ਇੱਥੇ ਉਨ੍ਹਾਂ ਤਾਜ਼ਾ ਮਾਮਲੇ ’ਤੇ ਵਿਚਾਰ-ਚਰਚਾ ਕੀਤੀ, ਉਪਰੰਤ ਜਗਜੀਤ ਸਿੰਘ ਡੱਲੇਵਾਲ ਅਤੇ ਸਰਵਣ ਸਿੰਘ ਪੰਧੇਰ ਦੀ ਅਗਵਾਈ ਹੇਠ ਲੋਕ ਅਤਿ ਦੀ ਗਰਮੀ ਵਿੱਚ ਰੋਸ ਮਾਰਚ (ਇਨਸਾਫ਼ ਮਾਰਚ) ਕਰਦੇ ਹੋਏ ਐੱਸਐੱਸਪੀ ਦਫ਼ਤਰ ਪਹੁੰਚੇ। ਇੱਥੇ ਐੱਸਪੀ (ਸਿਟੀ) ਹਰਬੀਰ ਸਿੰਘ ਅਟਵਾਲ ਅਤੇ ਐੱਸਪੀ (ਦਿਹਾਤੀ) ਮਨਪ੍ਰੀਤ ਸਿੰਘ ਨੇ ਕਿਸਾਨਾਂ ਤੋਂ ਮੰਗ ਪੱਤਰ ਲਿਆ।
ਇਸ ਮੌਕੇ ਕਿਸਾਨ ਆਗੂਆਂ ਜਗਜੀਤ ਸਿੰਘ ਡੱਲੇਵਾਲ ਅਤੇ ਸਰਵਣ ਸਿੰਘ ਪੰਧੇਰ ਨੇ ਮੰਗ ਕੀਤੀ ਕਿ ਕੰਗਨਾ ਰਣੌਤ ਖ਼ਿਲਾਫ਼ ਵੀ ਫੌਜਦਾਰੀ ਕੇਸ ਦਰਜ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਅਦਾਕਾਰਾ ਪਿਛਲੇ ਕਾਫ਼ੀ ਸਮੇਂ ਤੋਂ ਲਗਾਤਾਰ ਕਿਸਾਨਾਂ ਅਤੇ ਪੰਜਾਬੀਆਂ ਨੂੰ ਅਤਿਵਾਦੀ ਅਤੇ ਖਾਲਿਸਤਾਨੀ ਦੱਸ ਕੇ ਉਨ੍ਹਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਦੀ ਆ ਰਹੀ ਹੈ।
ਇਸ ਮੌਕੇ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ, ਸਤਨਾਮ ਸਿੰਘ ਬਹਿਰੂ, ਸੁਖਜਿੰਦਰ ਸਿੰਘ ਖੋਸਾ, ਬਲਵੰਤ ਸਿੰਘ ਬਹਿਰਾਮ ਕੇ, ਕਿਸਾਨ ਯੂਨੀਅਨ (ਰਾਜੇਵਾਲ) ਦੇ ਸੂਬਾ ਸਕੱਤਰ ਪਰਮਦੀਪ ਸਿੰਘ ਬੈਦਵਾਨ, ਕਿਸਾਨ ਯੂਨੀਅਨ (ਲੱਖੋਵਾਲ) ਦੇ ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਦੇਹਕਲਾਂ, ਜਨਰਲ ਸਕੱਤਰ ਜਸਪਾਲ ਸਿੰਘ ਨਿਆਮੀਆਂ, ਕਿਸਾਨ ਯੂਨੀਅਨ (ਕਾਦੀਆਂ) ਦੇ ਬੁਲਾਰੇ ਕਮਲਜੀਤ ਸਿੰਘ ਲਾਂਡਰਾਂ, ਜਸਵੰਤ ਸਿੰਘ ਮਾਣਕਮਾਜਰਾ ਤੇ ਜਸਪਾਲ ਸਿੰਘ ਲਾਂਡਰਾਂ ਮੌਜੂਦ ਸਨ।
ਉੱਧਰ, ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੇ ਸੂਬਾ ਪ੍ਰਧਾਨ ਬਲਦੇਵ ਸਿੰਘ ਜ਼ੀਰਾ ਅਤੇ ਜਨਰਲ ਸਕੱਤਰ ਸੁਖਵਿੰਦਰ ਕੌਰ ਨੇ ਵੀ ਕੁਲਵਿੰਦਰ ਕੌਰ ਦੇ ਨਾਲ ਖੜ੍ਹਨ ਦਾ ਐਲਾਨ ਕੀਤਾ ਹੈ। ਦਿਸ਼ਾ ਵਿਮੈੱਨ ਟਰੱਸਟ ਦੀ ਪ੍ਰਧਾਨ ਹਰਦੀਪ ਕੌਰ ਵਿਰਕ ਨੇ ਕਿਹਾ ਕਿ ਅਗਲੇ ਸਾਲ ਮਹਿਲਾ ਦਿਵਸ ’ਤੇ ਕੁਲਵਿੰਦਰ ਕੌਰ ਦਾ ਸਨਮਾਨ ਕੀਤਾ ਜਾਵੇਗਾ।