ਕੁਲਦੀਪ ਸਿੰਘ਼
ਨਵੀਂ ਦਿੱਲੀ, 9 ਜੂਨ
ਭਾਈ ਵੀਰ ਸਿੰਘ ਸਾਹਿਤ ਸਦਨ ਵਲੋਂ ਭਾਈ ਵੀਰ ਸਿੰਘ ਦੇ 67ਵੇਂ ਸੱਚਖੰਡ ਪਿਆਨਾ ਦਿਵਸ ’ਤੇ ਸ਼ਰਧਾਂਜਲੀ ਭੇਟ ਕਰਦਿਆਂ ਡਾ. ਜਸਵਿੰਦਰ ਸਿੰਘ (ਵਾਈਸ ਚਾਂਸਲਰ, ਇੰਟਰਨਲ ਯੂਨੀਵਰਸਿਟੀ, ਬੜੂ ਸਾਹਿਬ) ਨੇ ਉਸ ਵੇਲੇ ਦੇ ਹਾਲਾਤ ਦੇ ਮੱਦੇਨਜ਼ਰ ਭਾਈ ਵੀਰ ਸਿੰਘ ਦੀ ਸਮਾਜਿਕ-ਸਾਹਿਤਕ ਦੇਣ ਨੂੰ ਉਜਾਗਰ ਕੀਤਾ। ਉਨ੍ਹਾਂ ਅਨੁਸਾਰ, ਭਾਈ ਵੀਰ ਸਿੰਘ ਨੇ ਪੰਜਾਬੀ ਭਾਸ਼ਾ, ਸਾਹਿਤ ਅਤੇ ਪ੍ਰਕਾਸ਼ਨਾ ਜਗਤ ’ਚ ਪਹਿਲਕਦਮੀਆਂ ਕਰਦਿਆਂ ਅਨੇਕਾਂ ਨਵੀਆਂ ਸੰਸਥਾਵਾਂ ਨੂੰ ਵੀ ਕਾਇਮ ਕੀਤਾ। ਉਨ੍ਹਾਂ ਡਾ. ਮਨਮੋਹਨ ਸਿੰਘ ਦੀ ਅਗਵਾਈ ’ਚ ਚਲ ਰਹੇ ਭਾਈ ਵੀਰ ਸਿੰਘ ਸਾਹਿਤ ਸਦਨ ਦੀਆਂ ਕਾਰਗੁਜ਼ਾਰੀਆਂ ਦਾ ਜ਼ਿਕਰ ਕਰਦਿਆਂ ਸਦਨ ਵਲੋਂ ਪੰਜਾਬੀ ਭਾਸ਼ਾ-ਸਾਹਿਤ ਦੀ ਤਰੱਕੀ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ। ਪ੍ਰੋਗਰਾਮ ਦਾ ਆਰੰਭ ਗੁਰੂ ਗ੍ਰੰਥ ਸਾਹਿਬ ਵਿੱਦਿਆ ਕੇਂਦਰ ਦੇ ਵਿਦਿਆਰਥੀਆਂ ਰਾਹੀਂ ਸਹਿਜ ਪਾਠ ਦੇ ਭੋਗ ਅਤੇ ਕੀਰਤਨ ਨਾਲ ਹੋਇਆ। ਉਪਰੰਤ ਬੀਬੀ ਤਰਨਜੀਤ ਕੌਰ ਨੇ ਭਾਈ ਸਾਹਿਬ ਦੀ ਕਵਿਤਾ ਦਾ ਗਾਇਨ ਕੀਤਾ ਅਤੇ ਬੀਬੀ ਤਜਿੰਦਰ ਕੌਰ ਧੀਰ ਨੇ ਭਾਈ ਸਾਹਿਬ ਦਾ ਸੰਦੇਸ਼ ਪੜ੍ਹਿਆ। ਬੀਬੀ ਗੁਰਸ਼ਰਨ ਕੌਰ ਨੇ ‘ਖਾਲਸਾ ਸਮਾਚਾਰ’ ਦਾ ਵਿਸ਼ੇਸ਼ ਅੰਕ ਜਾਰੀ ਕਰਦਿਆਂ ਉਸ ਦੀ ਇਕ-ਇਕ ਕਾਪੀ ਡਾ. ਪੁਨੀਤਾ, ਡਾ. ਨੀਨਾ ਪੁਰੀ, ਬੀਬੀ ਮਨਜੀਤ ਕੌਰ ਨਾਗ ਅਤੇ ਹਰਚਰਨ ਸਿੰਘ ਨਾਗ ਨੂੰ ਭੇਟ ਕੀਤੀ। ਇਸ ਮੌਕੇ ਡਾ. ਜਸਵਿੰਦਰ ਸਿੰਘ ਨੇ ਸਦਨ ਦੀਆਂ ਸੱਤ ਨਵੀਆਂ ਪ੍ਰਕਾਸ਼ਨਾਵਾਂ ਦਾ ਵਿਮੋਚਨ ਕੀਤਾ ਅਤੇ ਸਦਨ ਦੇ ਮੀਤ ਪ੍ਰਧਾਨ ਹਰਚਰਨ ਸਿੰਘ ਨਾਗ ਨੇ ‘ਭਾਈ ਵੀਰ ਸਿੰਘ ਯਾਦਗਾਰੀ ਲੇਖ ਮੁਕਾਬਲਾ 2024’ ਦੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ।