ਕਰਾਚੀ, 10 ਜੂਨ
ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਦੇ ਚੇਅਰਮੈਨ ਮੋਹਸਿਨ ਨਕਵੀ ਨੇ ਭਾਰਤ ਖ਼ਿਲਾਫ਼ ਟੀ-20 ਵਿਸ਼ਵ ਕੱਪ ਦੀ ਹਾਰ ਤੋਂ ਬਾਅਦ ਸਖ਼ਤ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਬਾਬਰ ਆਜ਼ਮ ਦੀ ਅਗਵਾਈ ਵਾਲੀ ਟੀਮ ’ਚ ਬੁਨਿਆਦੀ ਬਦਲਾਅ ਦੀ ਲੋੜ ਹੈ। ਨਿਊਯਾਰਕ ’ਚ ਭਾਰਤ ਖ਼ਿਲਾਫ਼ ਮੈਚ ’ਚ ਪਾਕਿਸਤਾਨ ਦੇ ਸਾਹਮਣੇ 120 ਦੌੜਾਂ ਦਾ ਟੀਚਾ ਸੀ ਪਰ ਉਸ ਦੀ ਟੀਮ ਸੱਤ ਵਿਕਟਾਂ ‘ਤੇ 113 ਦੌੜਾਂ ਹੀ ਬਣਾ ਸਕੀ। ਪਾਕਿਸਤਾਨੀ ਮੀਡੀਆ ਮੁਤਾਬਕ ਨਕਵੀ ਨੇ ਨਿਊਯਾਰਕ ’ਚ ਕਿਹਾ, ‘ਮੈਂ ਸੋਚਦਾ ਸੀ ਕਿ ਮੈਚ ਜਿੱਤਣ ਲਈ ਟੀਮ ’ਚ ਕੁਝ ਬਦਲਾਅ ਕਰਨੇ ਪੈਣਗੇ ਪਰ ਹੁਣ ਲੱਗਦਾ ਹੈ ਕਿ ਟੀਮ ‘ਚ ਵੀ ਵਿਆਪਕ ਬਦਲਾਅ ਕਰਨਾ ਹੋਵੇਗਾ। ਹੁਣ ਉਨ੍ਹਾਂ ਖਿਡਾਰੀਆਂ ’ਤੇ ਵੀ ਧਿਆਨ ਦੇਣ ਦੀ ਲੋੜ ਹੈ, ਜੋ ਕੁਝ ਸਮੇਂ ਤੋਂ ਟੀਮ ਤੋਂ ਬਾਹਰ ਹਨ।’