ਬਲੌਦਾਬਾਜ਼ਾਰ (ਛੱਤੀਸਗੜ੍ਹ), 10 ਜੂਨ
ਛੱਤੀਸਗੜ੍ਹ ਦੇ ਬਲੌਦਾਬਾਜ਼ਾਰ ਜ਼ਿਲ੍ਹੇ ਵਿੱਚ ਧਾਰਮਿਕ ਥੰਮ੍ਹ ਨੂੰ ਨੁਕਸਾਨ ਪਹੁੰਚਾਉਣ ਦੇ ਵਿਰੋਧ ਵਿੱਚ ਸਤਨਾਮੀ ਸਮਾਜ ਦਾ ਅੰਦੋਲਨ ਅੱਜ ਹਿੰਸਕ ਹੋ ਗਿਆ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਕਈ ਵਾਹਨਾਂ ਨੂੰ ਅੱਗ ਲਗਾ ਦਿੱਤੀ ਅਤੇ ਸਰਕਾਰ ਦਫ਼ਤਰਾਂ ਵਿੱਚ ਭੰਨ੍ਹਤੋੜ ਕੀਤੀ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਭੀੜ ਵੱਲੋਂ ਪਥਰਾਅ ਕੀਤੇ ਜਾਣ ਕਾਰਨ ਅਧਿਕਾਰੀਆਂ ਸਣੇ ਕਈ ਪੁਲੀਸ ਮੁਲਾਜ਼ਮ ਜ਼ਖਮੀ ਹੋ ਗਏ। ਘਟਨਾ ਨੂੰ ਦੇਖਦੇ ਹੋਏ ਮੁੱਖ ਮੰਤਰੀ ਵਿਸ਼ਨੂ ਦੇਵ ਸਾਈ ਨੇ ਸੂਬੇ ਦੇ ਮੁੱਖ ਸਕੱਤਰ ਅਤੇ ਡੀਜੀਪੀ ਕੋਲੋਂ ਮਾਮਲੇ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਇਸ ਬਾਰੇ ਰਿਪੋਰਟ ਮੰਗੀ। ਜ਼ਿਕਰਯੋਗ ਹੈ ਕਿ 15 ਤੇ 16 ਮਈ ਦੀ ਦਰਮਿਆਨੀ ਰਾਤ ਨੂੰ ਕੁਝ ਅਣਪਛਾਤੇ ਲੋਕਾਂ ਨੇ ਬਲੌਦਾਬਾਜ਼ਾਰ ਜ਼ਿਲ੍ਹੇ ਦੇ ਗਿਰੌਦਪੁਰੀ ਧਾਮ ਵਿੱਚ ਪਵਿੱਤਰ ਅਮਰ ਗੁਫਾ ਵਿੱਚ ਸਥਿਤ ਸਤਨਾਮੀ ਸਮਾਜ ਵੱਲੋਂ ਪੂਜੇ ਜਾਣ ਵਾਲੇ ‘ਜੈਤ ਥੰਮ੍ਹ’ ਵਿੱਚ ਭੰਨ੍ਹਤੋੜ ਕੀਤੀ ਸੀ। ਪੁਲੀਸ ਨੇ ਇਸ ਸਬੰਧ ਵਿੱਚ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸਤਨਾਮੀ ਭਾਈਚਾਰਾ ਇਸ ਮਾਮਲੇ ਵਿੱਚ ਕੇਂਦਰੀ ਏਜੰਸੀ ਕੋਲੋਂ ਜਾਂਚ ਦੀ ਮੰਗ ਕਰ ਰਿਹਾ ਹੈ। ਘਟਨਾ ਦੇ ਵਿਰੋਧ ਵਿੱਚ ਅੱਜ ਸਤਨਾਮੀ ਸਮਾਜ ਨੇ ਇੱਥੇ ਦਸਹਿਰਾ ਮੈਦਾਨ ਵਿੱਚ ਵਿਰੋਧ ਪ੍ਰਦਰਸ਼ਨ ਅਤੇ ਜ਼ਿਲ੍ਹਾ ਮੈਜਿਸਟਰੇਟ ਦਫ਼ਤਰ ਦੇ ਘਿਰਾਓ ਦਾ ਐਲਾਨ ਕੀਤਾ। ਇਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਵਾਤਸੇ ਵੱਡੀ ਗਿਣਤੀ ਲੋਕ ਇੱਥੇ ਇਕੱਤਰ ਹੋਏ ਸਨ। -ਪੀਟੀਆਈ