* ਹਮਲੇ ਵਿੱਚ ਇਕ ਜਵਾਨ ਜ਼ਖ਼ਮੀ
* ਸੁਰੱਖਿਆ ਬਲਾਂ ਨੇ ਤਲਾਸ਼ੀ ਮੁਹਿੰਮ ਆਰੰਭੀ
* ਮੁੱਖ ਮੰਤਰੀ ਨੇ ਹਮਲੇ ਦੀ ਿਨਖੇਧੀ ਕੀਤੀ
ਇੰਫਾਲ, 10 ਜੂਨ
ਸ਼ੱਕੀ ਅਤਿਵਾਦੀਆਂ ਨੇ ਮਨੀਪੁਰ ਦੇ ਮੁੱਖ ਮੰਤਰੀ ਐੱਨ ਬਿਰੇਨ ਸਿੰਘ ਦੇ ਅਗਲੇਰੇ ਸੁਰੱਖਿਆ ਕਾਫ਼ਲੇ ’ਤੇ ਕਾਂਗਪੋਕਪੀ ਜ਼ਿਲ੍ਹੇ ਵਿੱਚ ਅੱਜ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਇਕ ਜਵਾਨ ਜ਼ਖ਼ਮੀ ਹੋ ਗਿਆ। ਪੁਲੀਸ ਨੇ ਇਹ ਜਾਣਕਾਰੀ ਦਿੱਤੀ। ਉੱਧਰ, ਮਨੀਪੁਰ ਦੇ ਮੁੱਖ ਮੰਤਰੀ ਐੱਨ ਬਿਰੇਨ ਸਿੰਘ ਨੇ ਹਮਲੇ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਇਸ ਹਮਲੇ ਨੂੰ ਸਿੱਧੇ ਖ਼ੁਦ ’ਤੇ ਅਤੇ ਸੂਬੇ ਦੇ ਲੋਕਾਂ ’ਤੇ ਹਮਲਾ ਕਰਾਰ ਦਿੱਤਾ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਸੂਬੇ ਵਿੱਚ ਕਾਨੂੰਨ ਦਾ ਰਾਜ ਕਾਇਮ ਰੱਖਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ।
ਪੁਲੀਸ ਨੇ ਦੱਸਿਆ ਕਿ ਸੁਰੱਖਿਆ ਕਾਫਲਾ ਹਿੰਸਾ ਪ੍ਰਭਾਵਿਤ ਜਿਰੀਬਾਮ ਜ਼ਿਲ੍ਹੇ ਵੱਲ ਜਾ ਰਿਹਾ ਸੀ। ਇਸੇ ਦੌਰਾਨ ਕੌਮੀ ਮਾਰਗ ਨੰਬਰ-53 ’ਤੇ ਕੋਟਲੇਨ ਪਿੰਡ ਕੋਲ ਸਵੇਰੇ ਕਰੀਬ 10.30 ਵਜੇ ਉਸ ’ਤੇ ਹਮਲਾ ਹੋਇਆ। ਇਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸੁਰੱਖਿਆ ਬਲਾਂ ਦੇ ਵਾਹਨਾਂ ’ਤੇ ਕਈ ਗੋਲੀਆਂ ਦਾਗੀਆਂ ਗਈਆਂ, ਜਿਸ ਮਗਰੋਂ ਸੁਰੱਖਿਆ ਬਲਾਂ ਨੇ ਵੀ ਜਵਾਬੀ ਕਾਰਵਾਈ ਕੀਤੀ। ਅਧਿਕਾਰੀ ਨੇ ਦੱਸਿਆ ਕਿ ਕਾਫ਼ਲੇ ਦੇ ਇਕ ਵਾਹਨ ਦੇ ਚਾਲਕ ਦੇ ਸੱਜੇ ਮੋਢੇ ’ਤੇ ਗੋਲੀ ਲੱਗੀ ਹੈ ਅਤੇ ਉਸ ਨੂੰ ਇੰਫਾਲ ਦੇ ਇਕ ਹਸਪਤਾਲ ਵਿੱਚ ਲਿਜਾਇਆ ਗਿਆ ਹੈ। ਉਨ੍ਹਾਂ ਕਿਹਾ, ‘‘ਸੁਰੱਖਿਆ ਬਲ ਸੂਬੇ ਦੀ ਰਾਜਧਾਨੀ ਤੋਂ ਕਰੀਬ 36 ਕਿਲੋਮੀਟਰ ਦੂਰ ਘਾਤ ਲਗਾ ਕੇ ਕੀਤੇ ਗਏ ਹਮਲੇ ਵਾਲੀ ਜਗ੍ਹਾ ’ਤੇ ਪਹੁੰਚ ਗਏ ਹਨ ਅਤੇ ਬੰਦੂਕਧਾਰੀਆਂ ਦਾ ਪਤਾ ਲਾਉਣ ਲਈ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ।’’ ਇਕ ਅਧਿਕਾਰੀ ਨੇ ਪੀਟੀਆਈ ਨਾਲ ਗੱਲਬਾਤ ਦੌਰਾਨ ਕਿਹਾ, ‘‘ਮੁੱਖ ਮੰਤਰੀ ਬੀਰੇਨ ਸਿੰਘ ਅਜੇ ਦਿੱਲੀ ਤੋਂ ਇੰਫਾਲ ਨਹੀਂ ਪਹੁੰਚੇ ਹਨ। ਉਹ ਜ਼ਿਲ੍ਹੇ ਵਿੱਚ ਸਥਿਤੀ ਦਾ ਜਾਇਜ਼ਾ ਲੈਣ ਵਾਸਤੇ ਜਿਰੀਬਾਮ ਜਾਣ ਦੀ ਯੋਜਨਾ ਬਣਾ ਰਹੇ ਸਨ।’’ ਸ਼ੱਕੀ ਅਤਿਵਾਦੀਆਂ ਨੇ ਸ਼ਨਿਚਰਵਾਰ ਨੂੰ ਜਿਰੀਬਾਮ ਵਿੱਚ ਦੋ ਪੁਲੀਸ ਚੌਕੀਆਂ, ਜੰਗਲਾਤ ਵਿਭਾਗ ਦੇ ਦਫ਼ਤਰ ਅਤੇ ਘੱਟੋ-ਘੱਟ 70 ਮਕਾਨਾਂ ਵਿੱਚ ਅੱਗ ਲਗਾ ਦਿੱਤੀ ਸੀ। ਉੱਧਰ, ਮੁੱਖ ਮੰਤਰੀ ਐੱਨ ਬਿਰੇਨ ਸਿੰਘ ਨੇ ਸ਼ਿਜਾ ਹਸਪਤਾਲ ਵਿੱਚ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ‘‘ਇਹ ਹਮਲਾ ਕਾਫੀ ਮੰਦਭਾਗਾ ਹੈ ਅਤੇ ਨਿੰਦਣਯੋਗ ਹੈ। ਇਹ ਹਮਲਾ ਮੁੱਖ ਮੰਤਰੀ ’ਤੇ ਹੈ ਜਿਸ ਦਾ ਮਤਲਬ ਹੈ ਕਿ ਇਹ ਹਮਲਾ ਸਿੱਧਾ ਸੂਬੇ ਦੇ ਲੋਕਾਂ ’ਤੇ ਹੈ। ਸੂਬਾ ਸਰਕਾਰ ਨੂੰ ਕੁਝ ਕਰਨਾ ਹੋਵੇਗਾ।’’ -ਪੀਟੀਆਈ
ਮਨੀਪੁਰ ਵਿੱਚ ਤਾਜ਼ਾ ਹਿੰਸਾ ਮਗਰੋਂ ਸੂਬੇ ਦੇ ਲੋਕ ਅਸਾਮ ’ਚ ਲੈ ਰਹੇ ਨੇ ਸ਼ਰਨ
ਸਿਲਚਰ (ਅਸਾਮ): ਮਨੀਪੁਰ ਵਿੱਚ ਹਿੰਸਾ ਦੀਆਂ ਤਾਜ਼ਾ ਘਟਨਾਵਾਂ ਤੋਂ ਪ੍ਰਭਾਵਿਤ ਲੋਕ ਸੁਰੱਖਿਆ ਦੀ ਭਾਲ ਵਿੱਚ ਅਸਾਮ ਦੇ ਕੱਛਾਰ ਜ਼ਿਲ੍ਹੇ ਵਿੱਚ ਆ ਰਹੇ ਹਨ। ਸਥਾਨਕ ਵਿਧਾਇਕ ਕੌਸ਼ਿਕ ਰਾਏ ਨੇ ਅੱਜ ਇਹ ਜਾਣਕਾਰੀ ਦਿੱਤੀ। ਇਸ ਵਿਚਾਲੇ ਪੁਲੀਸ ਨੇ ਦੱਸਿਆ ਕਿ ਅੰਤਰਰਾਜੀ ਬਾਰਡਰ ’ਤੇ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਸਰਹੱਦੀ ਇਲਾਕਿਆਂ ਦੇ ਵਸਨੀਕਾਂ ਨੇ ਦਾਅਵਾ ਕੀਤਾ ਕਿ ਪਿਛਲੇ ਚਾਰ ਦਿਨਾਂ ਵਿੱਚ ਜਿਰੀ ਨਦੀ ਪਾਰ ਕਰ ਕੇ ਸੂਬੇ ਵਿੱਚ ਦਾਖ਼ਲ ਹੋਣ ਵਾਲੇ ਕਰੀਬ 600 ਲੋਕਾਂ ਨੇ ਕੱਛਾਰ ਜ਼ਿਲ੍ਹੇ ਦੇ ਲਖੀਪੁੁਰ ਦੇ ਵੱਖ-ਵੱਖ ਹਿੱਸਿਆਂ ਵਿੱਚ ਸ਼ਰਨ ਲਈ ਹੈ। ਉਨ੍ਹਾਂ ਦੱਸਿਆ ਕਿ ਮਨੀਪੁਰ ਤੋਂ ਆਏ ਲੋਕ ਜਿਰੀਘਾਟ ਅਤੇ ਲਖੀਪੁਰ ਦੇ ਪਿੰਡਾਂ ਵਿੱਚ ਸ਼ਰਨ ਲੈ ਰਹੇ ਹਨ, ਹਾਲਾਂਕਿ ਉਨ੍ਹਾਂ ਵਾਸਤੇ ਕੋਈ ਸਰਕਾਰੀ ਰਾਹਤ ਕੈਂਪ ਨਹੀਂ ਲਾਇਆ ਗਿਆ ਹੈ। ਲਖੀਪੁਰ ਦੇ ਵਿਧਾਇਕ ਕੌਸ਼ਿਕ ਰਾਏ ਨੇ ਪੀਟੀਆਈ ਨਾਲ ਗੱਲਬਾਤ ਦੌਰਾਨ ਕਿਹਾ, ‘‘ਮਨੀਪੁਰ ਤੋਂ ਆਏ ਲੋਕਾਂ ਨੂੰ ਇੱਥੇ ਸੁਰੱਖਿਅਤ ਰਹਿਣ ਦਿੱਤਾ ਜਾ ਰਿਹਾ ਹੈ। ਸਥਾਨਕ ਪ੍ਰਸ਼ਾਸਨ ਇਹ ਯਕੀਨੀ ਬਣਾਉਣ ਵਾਸਤੇ ਸਾਰੇ ਕਦਮ ਉਠਾ ਰਿਹਾ ਹੈ ਕਿ ਇੱਥੇ ਕੋਈ ਹਿੰਸਾ ਨਾ ਹੋਵੇ।’’ -ਪੀਟੀਆਈ
ਮਨੀਪੁਰ ਦੇ ਹਾਲਾਤ ’ਤੇ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ: ਭਾਗਵਤ
ਨਾਗਪੁਰ: ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) ਦੇ ਮੁਖੀ ਮੋਹਨ ਭਾਗਵਤ ਨੇ ਮਨੀਪੁਰ ਵਿੱਚ ਇਕ ਸਾਲ ਬਾਅਦ ਵੀ ਸ਼ਾਂਤੀ ਕਾਇਮ ਨਾ ਹੋਣ ’ਤੇ ਅੱਜ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਸੰਘਰਸ਼ ਪ੍ਰਭਾਵਿਤ ਉੱਤਰ-ਪੂਰਬੀ ਸੂਬੇ ਦੇ ਹਾਲਾਤ ਬਾਰੇ ਤਰਜੀਹੀ ਤੌਰ ’ਤੇ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ। ਇੱਥੇ ਰੇਸ਼ਮਬਾਗ ਵਿੱਚ ਡਾ. ਹੈਡਗੇਵਾਰ ਸਮ੍ਰਿਤੀ ਭਵਨ ਕੰਪਲੈਕਸ ਵਿੱਚ ਦੂਜੇ ‘ਕਾਰਕੁਨ ਵਿਕਾਸ’ ਸਮਾਗਮ ਦੇ ਸਮਾਪਤੀ ਸਮਾਰੋਹ ਵਿੱਚ ਆਰਐੱਸਐੱਸ ਵਰਕਰਾਂ ਨੂੰ ਸੰਬੋਧਨ ਕਰਦਿਆਂ ਭਾਗਵਤ ਨੇ ਕਿਹਾ ਕਿ ਵੱਖ-ਵੱਖ ਥਾਵਾਂ ਅਤੇ ਸਮਾਜ ਵਿੱਚ ਸੰਘਰਸ਼ ਚੰਗਾ ਨਹੀਂ ਹੈ। ਉਨ੍ਹਾਂ ਚੋਣਾਂ ਸਬੰਧੀ ਬਿਆਨਬਾਜ਼ੀ ਤੋਂ ਬਾਹਰ ਆ ਕੇ ਦੇਸ਼ ਨੂੰ ਦਰਪੇਸ਼ ਸਮੱਸਿਆਵਾਂ ’ਤੇ ਧਿਆਨ ਦੇਣ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ, ‘‘ਮਨੀਪੁਰ ਪਿਛਲੇ ਇਕ ਸਾਲ ਤੋਂ ਸ਼ਾਂਤੀ ਕਾਇਮ ਹੋਣ ਦੀ ਉਡੀਕ ਕਰ ਰਿਹਾ ਹੈ। 10 ਸਾਲ ਪਹਿਲਾਂ ਮਨੀਪੁਰ ਵਿੱਚ ਸ਼ਾਂਤੀ ਸੀ।’’ -ਪੀਟੀਆਈ