ਦਰਸ਼ਨ ਸਿੰਘ ਮਿੱਠਾ
ਰਾਜਪੁਰਾ, 10 ਜੂਨ
ਗਣੇਸ਼ ਨਗਰ ਦੇ ਰਿਹਾਇਸ਼ੀ ਇਲਾਕੇ ਵਿੱਚ ਬਣੇ ਵੇਅਰਹਾਊਸ ਦੇ ਗੁਦਾਮ ਆਸ ਪਾਸ ਦੀਆਂ ਲਗਭਗ ਅੱਧੀ ਦਰਜਨ ਕਲੋਨੀਆਂ ਦੇ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣੇ ਹੋਏ ਹਨ। ਇਨ੍ਹਾਂ ਗੁਦਾਮਾਂ ਵਿੱਚੋਂ ਮਣਾਂ ਮੂੰਹੀਂ ਸੁਸਰੀ ਉੱਡ ਕੇ ਲੋਕਾਂ ਦੇ ਘਰਾਂ ਵਿੱਚ ਵੜ ਜਾਂਦੀ ਹੈ। ਇਸ ਕਾਰਨ ਕਲੋਨੀ ਵਾਸੀ ਪ੍ਰੇਸ਼ਾਨ ਹਨ ਪਰ ਉਨ੍ਹਾਂ ਦੀ ਗੱਲ ਕੋਈ ਵੀ ਸੁਣਨ ਨੂੰ ਤਿਆਰ ਨਹੀਂ ਹੈ।
ਆਮ ਆਦਮੀ ਪਾਰਟੀ ਦੇ ਸਟਾਰ ਪ੍ਰਚਾਰਕ ਅਤੇ ਦਿੱਲੀ ਦੇ ਆਬਜ਼ਰਵਰ ਮਹਿੰਦਰ ਸਿੰਘ ਗਣੇਸ਼ ਨਗਰ ਨੇ ਦੱਸਿਆ ਕਿ ਰਾਜਪੁਰਾ ਦੀ ਗਣੇਸ਼ ਨਗਰ ਕਲੋਨੀ ਦੇ ਰਿਹਾਇਸ਼ੀ ਇਲਾਕੇ ਵਿੱਚ ਵੇਅਰਹਾਊਸ ਦੇ ਗੁਦਾਮ ਬਣੇ ਹੋਏ ਹਨ। ਇਨ੍ਹਾਂ ਦਿਨਾਂ ਵਿੱਚ ਇਨ੍ਹਾਂ ਗੁਦਾਮਾਂ ਵਿੱਚੋਂ ਉੱਡਦੀ ਸੁਸਰੀ ਨੇ ਪੁਰਾਣਾ ਗਣੇਸ਼ ਨਗਰ, ਨਵਾਂ ਗਣੇਸ਼ ਨਗਰ, ਸ਼ਹੀਦ ਭਗਤ ਸਿੰਘ ਕਲੋਨੀ, ਨਵੀਂ ਸ਼ਹੀਦ ਭਗਤ ਸਿੰਘ ਕਲੋਨੀ, ਗੁਲਾਬ ਨਗਰ, ਸਲੇਮਪੁਰ, ਭੱਠਾ ਲਛਮਣ ਦਾਸ, ਹਰੀ ਨਗਰ ਅਤੇ ਮਿਰਚ ਮੰਡੀ ਆਦਿ ਕਲੋਨੀਆਂ ਵਾਸੀਆਂ ਦਾ ਜੀਣਾ ਦੁੱਭਰ ਕੀਤਾ ਹੋਇਆ ਹੈ। ਹਨੇਰਾ ਪੈਂਦੇ ਹੀ ਸੁਸਰੀ ਲੋਕਾਂ ਦੇ ਘਰਾਂ ਵਿੱਚ ਵੜ ਜਾਂਦੀ ਹੈ ਜੋ ਕਈ ਵਾਰ ਬੱਚਿਆਂ ਦੇ ਕੰਨਾ ਵਿੱਚ ਵੜ ਜਾਂਦੀ ਹਨ। ਸ਼ਾਮ ਵੇਲ਼ੇ ਦੋ ਪਹੀਆ ਵਾਹਨ ਚਾਲਕਾਂ ਦੀਆਂ ਅੱਖਾਂ ਵਿਚ ਪੈਣ ਕਾਰਨ ਕਈ ਵਾਰ ਹਾਦਸੇ ਵਾਪਰ ਚੁੱਕੇ ਹਨ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕਈ ਵਾਰ ਉਨ੍ਹਾਂ ਨੇ ਵੇਅਰ ਹਾਊਸ ਦੇ ਡਾਇਰੈਕਟਰ ਨੂੰ ਫ਼ੋਨ ਕਰ ਕੇ ਸਮੱਸਿਆ ਦੱਸੀ ਹੈ, ਵੱਟਸਐਪ ’ਤੇ ਫ਼ੋਟੋਆਂ ਵੀ ਭੇਜ ਚੁੱਕੇ ਹਨ ਪਰ ਕੋਈ ਅਸਰ ਨਹੀਂ ਹੋਇਆ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਦੋ ਦਿਨਾਂ ਦੇ ਅੰਦਰ ਅੰਦਰ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਉਹ ਕਲੋਨੀਆਂ ਵਾਸੀਆਂ ਨੂੰ ਨਾਲ ਲੈ ਕੇ ਵੇਅਰ ਹਾਊਸ ਗੇਟ ਦਾ ਘਿਰਾਓ ਕਰਨਗੇ।
ਕੀ ਕਹਿੰਦੇ ਹਨ ਵੇਅਰਹਾਊਸ ਦੇ ਮੈਨੇਜਰ ਜੀਐੱਸ ਸੰਧੂ
ਮੈਨੇਜਰ ਜੀਐੱਸ ਸੰਧੂ ਨੇ ਦੱਸਿਆ ਕਿ ਸੁਸਰੀ ਕੇਵਲ ਵੇਅਰਹਾਊਸ ਦੇ ਗੁਦਾਮਾਂ ਵਿੱਚੋਂ ਹੀ ਨਹੀਂ ਆਉਂਦੀ ਬਲਕਿ ਐੱਫਸੀਆਈ ਦੇ ਗੁਦਾਮ, ਰੇਲਵੇ ਦੇ ਗੁਦਾਮ ਅਤੇ ਹੋਰ ਨਿੱਜੀ ਗੁਦਾਮ ਹਨ, ਉਨ੍ਹਾਂ ਵਿੱਚੋਂ ਵੀ ਆਉਂਦੀ ਹੈ ਪਰ ਹਮੇਸ਼ਾ ਹੀ ਇਲਜ਼ਾਮ ਉਨ੍ਹਾਂ ਦੇ ਗੁਦਾਮਾਂ ’ਤੇ ਲਾ ਦਿੱਤਾ ਜਾਂਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਵੱਲੋਂ ਗੁਦਾਮਾਂ ਵਿੱਚੋਂ ਦਵਾਈ ਦਾ ਛਿੜਕਾਓ ਕੀਤਾ ਜਾ ਰਿਹਾ ਹੈ ਜਿਸ ਨਾਲ ਇਕ ਦੋ ਦਿਨਾਂ ਵਿਚ ਸੁਸਰੀ ਦਾ ਆਉਣਾ ਬੰਦ ਹੋ ਜਾਵੇਗਾ।