ਬੰਗਲੁਰੂ, 10 ਜੂਨ
ਬੰਗਲੁਰੂ ਦੀ ਅਦਾਲਤ ਨੇ ਕਈ ਔਰਤਾਂ ਨਾਲ ਜਬਰ-ਜਨਾਹ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ ਜਨਤਾ ਦਲ (ਸੈਕੁਲਰ) ਦੇ ਸਾਬਕਾ ਸੰਸਦ ਮੈਂਬਰ ਪ੍ਰਜਵਲ ਰੇਵੰਨਾ ਨੂੰ ਅੱਜ 14 ਦਿਨ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਰੇਵੰਨਾ ਨੂੰ ਵਿਸ਼ੇਸ਼ ਜਾਂਚ ਟੀਮ (ਸਿਟ) ਦੀ ਹਿਰਾਸਤ ਸਮਾਪਤ ਹੋਣ ’ਤੇ ਅੱਜ 42ਵੇਂ ਐਡੀਸ਼ਨਲ ਚੀਫ ਮੈਟਰੋਪੌਲਿਟਨ ਮੈਜਿਸਟਰੇਟ (ਏਸੀਐੱਮਐੱਮ) ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ 31 ਮਈ ਨੂੰ ਸਿਟ ਨੂੰ ਰੇਵੰਨਾ ਦਾ 6 ਜੂਨ ਤੱਕ ਦਾ ਰਿਮਾਂਡ ਦਿੱਤਾ ਸੀ ਅਤੇ ਬਾਅਦ ਵਿੱਚ ਇਸ ਨੂੰ 10 ਜੂਨ ਤੱਕ ਵਧਾ ਦਿੱਤਾ ਗਿਆ ਸੀ। ਸਿਟ ਨੇ ਰਿਮਾਂਡ ਦੌਰਾਨ ਸਬੂਤ ਜੁਟਾਉਣ ਅਤੇ ਗਵਾਹਾਂ ਤੋਂ ਪੁੱਛ-ਪੜਤਾਲ ਕਰਨ ਸਮੇਤ ਹੋਰ ਜਾਂਚ ਕੀਤੀ ਅਤੇ ਦੋਸ਼ਾਂ ਸਬੰਧੀ ਰੇਵੰਨਾ ਤੋਂ ਵਿਆਪਕ ਪੁੱਛਗਿੱਛ ਕੀਤੀ। ਅਦਾਲਤ ਨੇ ਦੋਸ਼ਾਂ ਦੀ ਗੰਭੀਰਤਾ ਅਤੇ ਸਿਟ ਵੱਲੋਂ ਪੇਸ਼ ਸਬੂਤਾਂ ਨੂੰ ਧਿਆਨ ਵਿੱਚ ਰੱਖਦਿਆਂ ਰੇਵੰਨਾ ਨੂੰ 24 ਜੂਨ ਤੱਕ ਨਿਆਂਇਕ ਹਿਰਾਸਤ ਵਿੱਚ ਭੇਜਣ ਦਾ ਹੁਕਮ ਦਿੱਤਾ। -ਪੀਟੀਆਈ