ਨਵੀਂ ਦਿੱਲੀ, 10 ਜੂਨ
ਭਾਰਤ-ਕੈਨੇਡਾ ਸਬੰਧਾਂ ’ਚ ਅੱਜ ਉਸ ਸਮੇਂ ਤਲਖ਼ੀ ਦੇਖਣ ਨੂੰ ਮਿਲੀ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਕੈਨੇਡਿਆਈ ਹਮਰੁਤਬਾ ਜਸਟਿਨ ਟਰੂਡੋ ਦੇ ਇੱਕ ਵਧਾਈ ਸੰਦੇਸ਼ ਦਾ ਜਵਾਬ ਦਿੰਦਿਆਂ ਕਿਹਾ ਕਿ ਭਾਰਤ ਆਪਸੀ ਸਮਝ ਅਤੇ ‘ਇੱਕ-ਦੂਜੇ ਦੀਆਂ ਸਰੋਕਾਰਾਂ’ ਦੇ ਸਨਮਾਨ ਦੇ ਆਧਾਰ ’ਤੇ ਓਟਵਾ ਨਾਲ ਕੰਮ ਕਰਨ ਦਾ ਚਾਹਵਾਨ ਹੈ। ਪਿਛਲੇ ਸਾਲ ਸਤੰਬਰ ’ਚ ਟਰੂਡੋ ਨੇ ਦੋਸ਼ ਲਾਇਆ ਸੀ ਕਿ ਬ੍ਰਿਟਿਸ਼ ਕੋਲੰਬੀਆ ’ਚ ਖਾਲਿਸਤਾਨੀ ਕੱਟੜਪੰਥੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ’ਚ ਭਾਰਤੀ ਏਜੰਟਾਂ ਦੀ ਸੰਭਾਵੀ ਸ਼ਮੂਲੀਅਤ ਹੈ। ਇਸ ਮਗਰੋਂ ਭਾਰਤ ਤੇ ਕੈਨੇਡਾ ਵਿਚਾਲੇ ਸਬੰਧ ਤਣਾਅ ਭਰੇ ਰਹੇ ਹਨ। ਭਾਰਤ ਨੇ ਟਰੂਡੋ ਦੇ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਇਨ੍ਹਾਂ ਨੂੰ ਖਾਰਜ ਕਰ ਦਿੱਤਾ ਸੀ। ਮੋਦੀ ਨੇ ਐਕਸ ’ਤੇ ਇੱਕ ਪੋਸਟ ’ਚ ਕਿਹਾ, ‘ਵਧਾਈ ਸੰਦੇਸ਼ ਲਈ ਸ਼ੁਕਰੀਆ ਪ੍ਰਧਾਨ ਮੰਤਰੀ ਟਰੂਡੋ। ਭਾਰਤ ਆਪਸੀ ਸਮਝ ਤੇ ਇੱਕ-ਦੂਜੇ ਦੇ ਸਰੋਕਾਰਾਂ ਦਾ ਸਨਮਾਨ ਕਰਨ ’ਤੇ ਆਧਾਰਿਤ ਰਿਸ਼ਤਿਆਂ ਦੇ ਮੱਦੇਨਜ਼ਰ ਕੈਨੇਡਾ ਨਾਲ ਕੰਮ ਕਰਨ ਲਈ ਆਸਵੰਦ ਹੈ।’ ਇਸ ਤੋਂ ਪਹਿਲਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੋਦੀ ਨੂੰ ਲੋਕ ਸਭਾ ਚੋਣਾਂ ’ਚ ਜਿੱਤ ਮਿਲਣ ਤੋਂ ਬਾਅਦ ਛੇ ਜੂਨ ਨੂੰ ਕਿਹਾ ਸੀ ਕਿ ਮਨੁੱਖੀ ਅਧਿਕਾਰਾਂ, ਵੰਨ-ਸੁਵੰਨਤਾ ਤੇ ਕਾਨੂੰਨ ਦੇ ਸ਼ਾਸਨ ’ਤੇ ਆਧਾਰਿਤ ਦੇਸ਼ਾਂ ਦੇ ਲੋਕਾਂ ਵਿਚਾਲੇ ਸਬੰਧਾਂ ਨੂੰ ਅੱਗੇ ਵਧਾਉਣ ਲਈ ਕੈਨੇਡਾ ਭਾਰਤ ਸਰਕਾਰ ਨਾਲ ਖੜ੍ਹਾ ਹੈ। -ਪੀਟੀਆਈ