ਸਿਡਨੀ, 10 ਜੂਨ
ਪਿਛਲੇ ਕਾਫ਼ੀ ਸਮੇਂ ਤੋਂ ਖ਼ਰਾਬ ਲੈਅ ਵਿੱਚ ਚੱਲ ਰਿਹਾ ਐੱਚਐੱਸ ਪ੍ਰਣੌਏ ਮੰਗਲਵਾਰ ਤੋਂ ਇੱਥੇ ਸ਼ੁਰੂ ਹੋ ਰਹੇ ਆਸਟਰੇਲੀਅਨ ਓਪਨ ਬੈਡਮਿੰਟਨ ਟੂਰਨਾਮੈਂਟ ਵਿੱਚ ਭਾਰਤੀ ਚੁਣੌਤੀ ਦੀ ਅਗਵਾਈ ਕਰੇਗਾ। ਪ੍ਰਣੌਏ ਨੂੰ ਇੱਥੇ ਪੰਜਵਾਂ ਦਰਜਾ ਦਿੱਤਾ ਗਿਆ ਹੈ ਅਤੇ ਉਸ ਦੀ ਨਜ਼ਰ ਆਪਣੀ ਲੈਅ ਮੁੜ ਹਾਸਲ ਕਰਨ ’ਤੇ ਹੋਵੇਗੀ। ਪਿਛਲੇ ਦੋ ਟੂਰਨਾਮੈਂਟਾਂ ਵਿੱਚ ਉਸ ਦਾ ਪ੍ਰਦਰਸ਼ਨ ਚੰਗਾ ਨਹੀਂ ਰਿਹਾ। ਉਸ ਨੂੰ ਥਾਈਲੈਂਡ ਓਪਨ ਦੇ ਪਹਿਲੇ ਗੇੜ ਅਤੇ ਸਿੰਗਾਪੁਰ ਓਪਨ ਦੇ ਪ੍ਰੀ-ਕੁਆਰਟਰ ਫਾਈਨਲ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਆਸਟਰੇਲੀਆ ਓਪਨ ਵਿੱਚ ਪ੍ਰਣੌਏ ਆਪਣੀ ਮੁਹਿੰਮ ਦੀ ਸ਼ੁਰੂਆਤ ਬ੍ਰਾਜ਼ੀਲ ਦੇ ਯਗੋਰ ਕੋਏਲਹੋ ਖ਼ਿਲਾਫ਼ ਕਰੇਗਾ। ਇਸੇ ਤਰ੍ਹਾਂ ਸਮੀਰ ਵਰਮਾ ਦਾ ਸਾਹਮਣਾ ਇੰਡੋਨੇਸ਼ੀਆ ਦੇ ਚਿਕੋ ਔਰਾ ਡਵੀ ਵਾਰਡੋਯੋ ਜਦਕਿ ਰਵੀ ਦਾ ਮੁਕਾਬਲਾ ਸਿੰਗਾਪੁਰ ਦੇ ਲੋਹ ਕੀਨ ਯਿਊ ਨਾਲ ਹੋਵੇਗਾ। ਪੁਰਸ਼ ਸਿੰਗਲਜ਼ ਵਿੱਚ ਹਿੱਸਾ ਲੈਣ ਵਾਲੇ ਹੋਰ ਭਾਰਤੀਆਂ ਵਿੱਚ ਮਿਥੁਨ ਮੰਜੂਨਾਥ, ਕਿਰਨ ਜੌਰਜ ਅਤੇ ਐੱਸ ਸ਼ੰਕਰ ਮੁਥੂਸਾਮੀ ਸੁਬਰਾਮਨੀਅਮ ਸ਼ਾਮਲ ਹਨ। -ਪੀਟੀਆਈ
ਮਹਿਲਾ ਵਰਗ ਦੀ ਕਮਾਨ ਆਕਰਸ਼ੀ ਕਸ਼ਯਪ ਹੱਥ
ਮਹਿਲਾ ਸਿੰਗਲਜ਼ ਵਿੱਚ ਅੱਠਵਾਂ ਦਰਜਾ ਪ੍ਰਾਪਤ ਆਕਰਸ਼ੀ ਕਸ਼ਯਪ ਭਾਰਤੀ ਚੁਣੌਤੀ ਦੀ ਅਗਵਾਈ ਕਰੇਗੀ। ਪਹਿਲੇ ਗੇੜ ਵਿੱਚ ਉਸ ਦਾ ਸਾਹਮਣਾ ਯੂਕਰੇਨ ਦੀ ਪੋਲੀਨਾ ਬੁਹਰੋਵਾ ਨਾਲ ਹੋਵੇਗਾ। ਮਹਿਲਾ ਵਰਗ ਵਿੱਚ ਹਿੱਸਾ ਲੈਣ ਵਾਲੀਆਂ ਭਾਰਤ ਦੀਆਂ ਹੋਰ ਖਿਡਾਰਨਾਂ ਵਿੱਚ ਅਸ਼ਮਿਤਾ ਚਲੀਹਾ, ਅਨੁਪਮਾ ਉਪਾਧਿਆਏ, ਸਾਮੀਆ ਇਮਾਦ ਫਾਰੂਕੀ, ਕੇਯੂਰਾ ਮੋਪਤੀ ਅਤੇ ਮਾਲਵਿਕਾ ਬੰਸੋਦ ਸ਼ਾਮਲ ਹਨ। ਭਾਰਤ ਪੁਰਸ਼ ਡਬਲਜ਼ ਵਿੱਚ ਕੋਈ ਖਿਡਾਰੀ ਨਹੀਂ ਉਤਾਰੇਗਾ ਜਦਕਿ ਮਹਿਲਾ ਡਬਲਜ਼ ਵਿੱਚ ਦੋ ਜੋੜੀਆਂ ਉਤਰਨਗੀਆਂ। ਮਿਕਸਡ ਡਬਲਜ਼ ਵਿੱਚ ਵੀ ਤਿੰਨ ਜੋੜੀਆਂ ਭਾਰਤ ਦੀ ਨੁਮਾਇੰਦਗੀ ਕਰਨਗੀਆਂ।