ਨਿੱਜੀ ਪੱਤਰ ਪ੍ਰੇਰਕ/ਪੱਤਰ ਪ੍ਰੇਰਕ
ਰਾਏਕੋਟ, 10 ਜੂਨ
ਲਗਾਤਾਰ ਹੋ ਰਹੀ ਜੰਗਲਾਂ ਦੀ ਕਟਾਈ ਕਾਰਨ ਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਲਈ ਰਾਏਕੋਟ ਇਲਾਕੇ ਨੂੰ ਹਰਿਆ ਭਰਿਆ ਬਣਾਇਆ ਜਾਵੇਗਾ, ਇਹ ਐਲਾਨ ਮੁਸਕਾਨ ਗਰੀਨ ਮਿਸ਼ਨ ਦੇ ਨਾਂ ਹੇਠ ਬਣੀ ਐੱਨਜੀਓ ਦੀ ਮੀਟਿੰਗ ਵਿੱਚ ਪ੍ਰਧਾਨ ਹੀਰਾ ਲਾਲ ਬਾਂਸਲ ਵੱਲੋਂ ਕੀਤਾ ਗਿਆ। ਹੀਰਾ ਲਾਲ ਬਾਂਸਲ ਨੇ ਦੱਸਿਆ ਕਿ ਬੂਟੇ ਲਗਾਉਣ ਦੀ ਸ਼ੁਰਊਾਤ ਰਾਏਕੋਟ ਤੋਂ ਹੋਵੇਗੀ, ਜਿਸ ਤਹਿਤ ਰਾਏਕੋਟ ਸ਼ਹਿਰ ਅਤੇ ਆਲੇ-ਦੁਆਲੇ ਦੇ ਇਲਾਕੇ ’ਚ ਵੱਡੀ ਗਿਣਤੀ ਵਿੱਚ ਬੂਟੇ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਵਾਰ ਬੂਟੇ ਲਗਾਉਣ ਦੇ ਨਾਲ-ਨਾਲ ਉਨ੍ਹਾਂ ਦੇ ਰੱਖ-ਰਖਾਅ ’ਤੇ ਜ਼ਿਆਦਾ ਧਿਆਨ ਦਿੱਤਾ ਜਾਵੇਗਾ।
ਉਨ੍ਹਾਂ ਦੱਸਿਆ ਇਸ ਕੰਮ ਵਿੱਚ ਉਹ ਪਿੰਡਾਂ ਦੀਆਂ ਪੰਚਾਇਤਾਂ, ਕਲੱਬਾਂ ਅਤੇ ਸਮਾਜਸੇਵੀ ਜਥੇਬੰਦੀਆਂ ਦਾ ਵੀ ਸਹਿਯੋਗ ਲੈਣਗੇ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਸੰਸਥਾਂ ਵਲੋਂ ਛੋਟੇ ਪੌਦਿਆਂ ਦੀ ਬਜਾਏ ਵੱਡੇ ਬੂਟੇ ਲਗਾਏ ਜਾਣਗੇ, ਕਿਉਂਕਿ ਛੋਟੇ ਪੌਦਿਆਂ ਨਾਲੋਂ ਵੱਡੇ ਬੂਟਿਆਂ ਦੇ ਚੱਲਣ ਦੀ ਸੰਭਾਵਨਾ ਕਾਫ਼ੀ ਜ਼ਿਆਦਾ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਹਾਲ਼ੇ ਇਸ ਮੁਹਿੰਮ ਦੀ ਸ਼ੁਰੂਆਤ ਰਾਏਕੋਟ ਤੋਂ ਕੀਤੀ ਜਾਵੇਗੀ ਅਤੇ ਮੁਹਿੰਮ ਦੀ ਸਫ਼ਲਤਾ ਦੇ ਨਾਲ ਇਸ ਮੁਹਿੰਮ ਨੂੰ ਪੂਰੇ ਪੰਜਾਬ ਤੱਕ ਪਹੁੰਚਾਉਣ ਦਾ ਯਤਨ ਕੀਤਾ ਜਾਵੇਗਾ ਤਾਂ ਜੋ ਸਮੁੱਚੇ ਪੰਜਾਬ ਨੂੰ ਮੁੜ ਤੋਂ ਹਰਿਆ ਭਰਿਆ ਬਣਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਨੇਕ ਉਪਰਾਲੇ ਵਿੱਚ ਉਨ੍ਹਾਂ ਦਾ ਸਹਿਯੋਗ ਜੰਗਲਾਤ ਵਿਭਾਗ ਵੀ ਕਰ ਰਿਹਾ ਹੈ। ਉਨ੍ਹਾਂ ਸਮਾਜਸੇਵੀ ਅਤੇ ਵਾਤਾਵਰਨ ਬਚਾਓ ਸੰਸਥਾਵਾਂ ਤੋਂ ਇਲਾਵਾ ਐੱਨਜੀਓ, ਕਲੱਬਾਂ ਅਤੇ ਪੰਚਾਇਤਾਂ ਤੋਂ ਵੀ ਇਸ ਮੁਹਿੰਮ ਨੂੰ ਸਫ਼ਲ ਬਣਾਉਣ ਵਿੱਚ ਸਹਿਯੋਗ ਦੀ ਅਪੀਲ ਕੀਤੀ। ਮੀਟਿੰਗ ਵਿੱਚ ਇੰਦਰਪਾਲ ਗੋਲਡੀ, ਵਿਨੋਦ ਜੈਨ ਰਾਜੂ, ਪ੍ਰਦੀਪ ਜੈਨ, ਸੰਦੀਪ ਸ਼ਰਮਾ, ਮੁਨੀਸ਼ ਗੋਇਲ, ਨਵੀਨ ਗਰਗ. ਕਪਿਲ ਗਰਗ, ਸੌਰਭ ਜੈਨ, ਮੁਕੇਸ਼ ਗੁਪਤਾ ਹਾਜ਼ਰ ਸਨ।