ਨਿੱਜੀ ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 10 ਜੂਨ
ਬੌਲੀਵੁਡ ਅਦਾਕਾਰਾ ਕੰਗਨਾ ਰਣੌਤ ਵੱਲੋਂ ਕਿਸਾਨਾਂ ਖ਼ਿਲਾਫ਼ ਟਿੱਪਣੀ ਕਾਰਨ ਰੋਸ ਵਧ ਗਿਆ ਹੈ। ਇਸ ਵਰਤਾਰੇ ਕਾਰਨ ਹਰ ਵਰਗ ਦੇ ਲੋਕ ਕੁਲਵਿੰਦਰ ਕੌਰ ਦੇ ਹੱਕ ਵਿਚ ਡਟ ਗਏ ਹਨ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਅਤੇ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਇੰਚਾਰਜ ਜਗਦੀਪ ਸਿੰਘ ਚੀਮਾ ਨੇ ਅੱਜ ਇਥੇ ਮੀਟਿੰਗ ਉਪਰੰਤ ਕਿਹਾ ਕਿ ਉਹ ਕੁਲਵਿੰਦਰ ਕੌਰ ਨਾਲ ਡਟ ਕੇ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਦਰਦ ਹਾਲੇ ਵੀ ਪੰਜਾਬੀਆਂ ਦੇ ਮਨ ਵਿੱਚ ਹੈ। ਤਿੰਨ ਖੇਤੀ ਬਿੱਲਾਂ ਦੇ ਵਿਰੋਧ ਵਿੱਚ 700 ਤੋਂ ਵੱਧ ਕਿਸਾਨਾਂ ਨੇ ਆਪਣੀਆਂ ਜਾਨਾਂ ਦਿੱਤੀਆਂ ਪਰ ਕੰਗਨਾ ਨੇ ਪੰਜਾਬੀਆਂ ਅਤੇ ਔਰਤਾਂ ਵਿਰੁੱਧ ਗਲਤ ਸ਼ਬਦਾਵਲੀ ਵਰਤੀ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਹਵਾਈ ਅੱਡੇ ’ਤੇ ਜੋ ਕੁਝ ਹੋਇਆ, ਉਹ ਪੰਜਾਬੀਆਂ ਦੇ ਕੰਗਨਾ ਰਣੌਤ ਖਿਲਾਫ਼ ਗੁੱਸੇ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਹਕੂਮਤਾਂ ਨੂੰ ਸਮਝਣਾ ਚਾਹੀਦਾ ਹੈ ਕਿ ਇਹ ਸਥਿਤੀ ਕਿਉਂ ਪੈਦਾ ਹੋਈ ਤੇ ਕੁਲਵਿੰਦਰ ਇਹ ਕਦਮ ਚੁੱਕਣ ਲਈ ਕਿਉਂ ਮਜਬੂਰ ਹੋਈ। ਕੰਗਨਾ ਵੱਲੋਂ ਇਹ ਕਹਿਣਾ ਕਿ ਪੰਜਾਬੀ ਅਤਿਵਾਦੀ ਬਣ ਰਹੇ ਹਨ ਜੋ ਗਲਤ ਹੈ। ਉਨ੍ਹਾਂ ਕਿਹਾ ਕਿ ਕੁਲਵਿੰਦਰ ਕੌਰ ਆਪਣੀ ਡਿਊਟੀ 15 ਸਾਲ ਤੋਂ ਬਾਖੂਬੀ ਨਾਲ ਨਿਭਾ ਰਹੀ ਹੈ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜੂਨੀਅਰ ਉਪ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਰਿਆ, ਜ਼ਿਲ੍ਹਾ ਸ਼ਹਿਰੀ ਪ੍ਰਧਾਨ ਮਨਮੋਹਨ ਸਿੰਘ ਮੁਕਾਰੋਂਪੁਰ, ਸੁਖਵਿੰਦਰ ਸਿੰਘ ਜ਼ੈਲਦਾਰ, ਖ਼ਜ਼ਾਨਚੀ ਬਰਿੰਦਰ ਸਿੰਘ ਸੋਢੀ, ਸਾਬਕਾ ਚੇਅਰਮੈਨ ਬਲਜਿੰਦਰ ਸਿੰਘ ਬੋੜ, ਸਰਕਲ ਪ੍ਰਧਾਨ ਨਰਿੰਦਰ ਸਿੰਘ ਰਸੀਦਪੁਰ, ਕਿਸਾਨ ਮਜ਼ਦੂਰ ਜਥੇਬੰਦੀ ਦੇ ਪ੍ਰਧਾਨ ਸੇਮਜੀਤ ਸਿੰਘ ਛੰਨਾ, ਜਸਵੀਰ ਸਿੰਘ ਸੇਖੋਂ ਅਤੇ ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ।