ਮੁੰਬਈ, 10 ਜੂਨ
ਮਹਾਰਾਸ਼ਟਰ ਸਰਕਾਰ ਨੇ 13 ਮਈ ਨੂੰ ਮੁੰਬਈ ਦੇ ਘਾਟਕੋਪਰ ਇਲਾਕੇ ਵਿੱਚ ਹੋਰਡਿੰਗ ਡਿੱਗਣ ਦੀ ਘਟਨਾ ਦੀ ਜਾਂਚ ਕਰਨ ਲਈ ਅੱਜ ਅਲਾਹਾਬਾਦ ਹਾਈ ਕੋਰਟ ਦੇ ਸਾਬਕਾ ਚੀਫ਼ ਜਸਟਿਸ ਦਲੀਪ ਭੋਸਲੇ ਦੀ ਅਗਵਾਈ ਹੇਠ ਇੱਕ ਕਮੇਟੀ ਦਾ ਗਠਨ ਕੀਤਾ ਹੈ। ਇਸ ਹਾਦਸੇ ਵਿੱਚ 17 ਵਿਅਕਤੀਆਂ ਦੀ ਮੌਤ ਹੋ ਗਈ ਸੀ ਜਦਕਿ 70 ਤੋਂ ਵੱਧ ਜ਼ਖਮੀ ਹੋ ਗਏ ਸਨ। ਅਧਿਕਾਰੀ ਨੇ ਕਿਹਾ ਕਿ ਸੂਬੇ ਦੇ ਗ੍ਰਹਿ ਵਿਭਾਗ ਵੱਲੋਂ ਬਣਾਈ ਗਈ ਇਹ ਕਮੇਟੀ ਇਸ ਮੰਦਭਾਗੀ ਘਟਨਾ ਦੇ ਸਾਰੇ ਪਹਿਲੂਆਂ ਦੀ ਸਮਾਂਬੱਧ ਜਾਂਚ ਕਰੇਗੀ। ਹੁਣ ਤੱਕ ਪੁਲੀਸ ਨੇ ਈਗੋ ਮੀਡੀਆ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰ ਭਾਵੇਸ਼ ਭਿੰਦੇ ਨੂੰ ਗ੍ਰਿਫਤਾਰ ਕੀਤਾ ਹੈ। ਇਹ ਹੋਰਡਿੰਗ ਇਸੇ ਕੰਪਨੀ ਨੇ ਲਵਾਇਆ ਸੀ। ਪੁਲੀਸ ਇਸ ਦੇ ਸਾਬਕਾ ਕਰਮਚਾਰੀਆਂ ਜਾਨਹਵੀ ਮਰਾਠੇ ਅਤੇ ਸਾਗਰ ਪਾਟਿਲ ਦੇ ਨਾਲ-ਨਾਲ ਇੰਜਨੀਅਰ ਮਨੋਜ ਸੰਘੂ ਨੂੰ ਵੀ ਗ੍ਰਿਫਤਾਰ ਕਰ ਚੁੱਕੀ ਹੈ। -ਪੀਟੀਆਈ