ਨਵੀਂ ਦਿੱਲੀ, 10 ਜੂਨ
ਸੁਪਰੀਮ ਕੋਰਟ ਨੇ ਬੈਂਕ ਧੋਖਾਧੜੀ ਕੇਸ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਵਿਚ ਈਡੀ ਵੱਲੋੋਂ ਆਪਣੀ ਗ੍ਰਿਫਤਾਰੀ ਤੇ ਰਿਮਾਂਡ ਨੂੰ ਚੁਣੌਤੀ ਦਿੰਦੀ ‘ਆਪ’ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਦੀ ਪਟੀਸ਼ਨ ’ਤੇ ਸੁਣਵਾਈ 18 ਜੂਨ ਤੱਕ ਅੱਗੇ ਪਾ ਦਿੱਤੀ ਹੈ। ਜਸਟਿਸ ਸੰਜੇ ਕੈਰੋਲ ਤੇ ਜਸਟਿਸ ਅਗਸਟੀਨ ਜੌਰਜ ਮਸੀਹ ਦੀ ਸ਼ਮੂਲੀਅਤ ਵਾਲੇ ਵੈਕੇਸ਼ਨ ਬੈਂਚ ਨੇ ‘ਆਪ’ ਵਿਧਾਇਕ ਵੱਲੋਂ ਕੇਸ ਵਿਚ ਜਵਾਬ-ਦਾਅਵਾ ਦਾਖਲ ਨਾ ਕਰਨ ਦਾ ਨੋਟਿਸ ਲੈਂਦਿਆਂ ਕੇਸ ਦੀ ਸੁਣਵਾਈ ਮੁਲਤਵੀ ਕਰ ਦਿੱਤੀ।
ਉਧਰ ਈਡੀ ਵੱਲੋਂ ਪੇਸ਼ ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਇਹ ਮਸਲਾ ਪੀਐੱਮਐੱਲਏ ਦੀ ਧਾਰਾ 19 ਅਤੇ ਅਧਾਰ ਦੀ ਵਾਜਬੀਅਤ ਨਾਲ ਸਬੰਧਤ ਹੈ। ਮਹਿਤਾ ਨੇ ਕਿਹਾ ਕਿ ਕੇਸ ਵਿਚ ਜਿਹੜੇ ਮਸਲੇ ਉਭਾਰੇ ਗਏ ਹਨ ਉਹ ਅਰਵਿੰਦ ਕੇਜਰੀਵਾਲ ਦੇ ਕੇਸ ਨਾਲ ਮਿਲਦੇ ਜੁਲਦੇ ਹਨ ਤੇ ਇਸ ਨੂੰ ਲੈ ਕੇ ਫੈਸਲਾ ਪਹਿਲਾਂ ਹੀ ਰਾਖਵਾਂ ਰੱਖਿਆ ਜਾ ਚੁੱਕਾ ਹੈ। ਉਧਰ ਪੰਜਾਬ ਦੇ ‘ਆਪ’ ਵਿਧਾਇਕ ਵੱਲੋਂ ਪੇਸ਼ ਸੀਨੀਅਰ ਵਕੀਲ ਵਿਕਰਮ ਚੌਧਰੀ ਨੇ ਮਹਿਤਾ ਵੱਲੋਂ ਦਿੱਤੀ ਦਲੀਲ ਦਾ ਵਿਰੋਧ ਕੀਤਾ।
ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਵਿਧਾਇਕ ਗੱਜਣਮਾਜਰਾ ਨੂੰ ਲੋਕ ਸਭਾ ਚੋਣਾਂ ਵਿਚ ਪ੍ਰਚਾਰ ਲਈ ਅੰਤਰਿਮ ਜ਼ਮਾਨਤ ਦੇਣ ਤੋਂ ਨਾਂਹ ਕਰ ਦਿੱਤੀ ਸੀ। ਪੰਜਾਬ ਤੇ ਹਰਿਆਣਾ ਹਾਈ ਕੋਰਟ ਵੀ ਵਿਧਾਇਕ ਵੱਲੋਂ ਆਪਣੀ ਗ੍ਰਿਫ਼ਤਾਰੀ ਨੂੰ ਚੁਣੌਤੀ ਦਿੰਦੀ ਪਟੀਸ਼ਨ ਖਾਰਜ ਕਰ ਚੁੱਕੀ ਹੈ। -ਪੀਟੀਆਈ