ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 10 ਜੂਨ
ਦੁੱਗਰੀ ਦੇ ਪੁੱਲ ਹੇਠਾਂ ਰਹਿਣ ਵਾਲੀ ਪੁਸ਼ਪਾ ਦੇਵੀ ਅਤੇ ਉਸ ਦੇ ਲੜਕੇ ਪ੍ਰਦੀਪ ਨੂੰ ਕਤਲ ਕਰਨ ਵਾਲੇ ਉਸ ਦੇ ਹੋਣ ਵਾਲੇ ਜਵਾਈ ਮੁਲਜ਼ਮ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਅਦਾਲਤ ’ਚ ਪੇਸ਼ ਕੀਤਾ। ਅਦਾਲਤ ਨੇ ਉਸ ਨੂੰ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਮੁਲਜ਼ਮ ਅਮਰਦੀਪ ਸਿੰਘ ਦੀ ਆਪਣੇ ਸਾਲੇ ਪ੍ਰਦੀਪ ਨਾਲ ਕਿਸੇ ਗੱਲ ਤੋਂ ਬਹਿਸ ਹੋਈ ਸੀ। ਸ਼ੁੱਕਰਵਾਰ ਦੀ ਦੇਰ ਰਾਤ ਨੂੰ ਉਸ ਨੇ ਸ਼ਰਾਬ ਪੀਤੀ ਤੇ ਸ਼ਰਾਬ ਦੇ ਨਸ਼ੇ ’ਚ ਉਸ ਨੂੰ ਆਪਣੇ ਸਾਲੇ ਨਾਲ ਹੋਈ ਬਹਿਸ ਯਾਦ ਆ ਗਈ ਤੇ ਉਸ ਨੇ ਤੇਜ਼ਧਾਰ ਹਥਿਆਰ ਨਾਲ ਪ੍ਰਦੀਪ ’ਤੇ ਹਮਲਾ ਕਰ ਦਿੱਤਾ। ਪ੍ਰਦੀਪ ਦੇ ਸਿਰ, ਮੂੰਹ ਤੇ ਗਰਦਨ ’ਤੇ ਵਾਰ ਕਰਕੇ ਉਸ ਦਾ ਕਤਲ ਕਰ ਦਿੱਤਾ। ਇਸ ਦੌਰਾਨ ਜਦੋਂ ਪੁਸ਼ਪਾ ਬਚਾਉਣ ਲਈ ਆਈ ਤਾਂ ਮੁਲਜ਼ਮ ਨੇ ਉਸ ਦਾ ਵੀ ਤੇਜ਼ਧਾਰ ਹਥਿਆਰ ਨਾਲ ਗਲਾ ਵੱਢ ਕੇ ਕਤਲ ਕਰ ਦਿੱਤਾ ਤੇ ਫ਼ਰਾਰ ਹੋ ਗਿਆ।
ਪੁਸ਼ਪਾ ਦੇਵੀ ਤੇ ਉਸ ਦੇ ਲੜਕੇ ਪ੍ਰਦੀਪ ਦੀ ਲਾਸ਼ ਦਾ ਪੋਸਟਮਾਰਟਮ ਤਿੰਨ ਡਾਕਟਰਾਂ ਦੇ ਬੋਰਡ ਨੇ ਕੀਤਾ, ਜਿਸ ’ਚ ਡਾ. ਰੋਹਿਤ ਰਾਮਪਾਲ, ਡਾ. ਸਤਿੰਦਰਪਾਲ ਤੇ ਡਾ. ਸੁਮਿਤ ਪਾਲ ਸ਼ਾਮਲ ਸਨ। ਪੋਸਟਮਾਰਟਮ ਦੌਰਾਨ ਪਤਾ ਲੱਗਿਆ ਕਿ ਮੁਲਜ਼ਮ ਨੇ ਪੁਸ਼ਪਾ ਦੇਵੀ ਦੇ ਮੂੰਹ ਅਤੇ ਗਰਦਨ ਨੂੰ ਵੱਢ ਕੇ ਉਸ ਦਾ ਕਤਲ ਕੀਤਾ ਹੈ। ਜਦੋਂ ਕਿ ਪ੍ਰਦੀਪ ਦੇ ਸਿਰ ਦੇ ਨਾਲ- ਨਾਲ ਮੂੰਹ ਤੇ ਗਰਦਨ ’ਤੇ ਵਾਰ ਕਰ ਉਸ ਨੂੰ ਮੌਤ ਦੇ ਘਾਟ ਉਤਾਰਿਆ ਹੈ। ਡਾਕਟਰਾਂ ਦੇ ਬੋਰਡ ਨੇ ਸਾਰੀ ਰਿਪੋਰਟ ਬਣਾ ਕੇ ਪੁਲੀਸ ਹਵਾਲੇ ਕਰ ਦਿੱਤੀ ਹੈ। ਪੁਲੀਸ ਨੇ ਦੋਵਾਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਲਾਸ਼ਾਂ ਦਾ ਸਸਕਾਰ ਪੁਲੀਸ ਹਿਰਾਸਤ ’ਚ ਹੀ ਕਰਵਾ ਦਿੱਤਾ ਹੈ।