ਗੁਰਿੰਦਰ ਸਿੰਘ
ਲੁਧਿਆਣਾ, 10 ਜੂਨ
ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਅਣਗੌਲਿਆ ਕਰਨ ਅਤੇ ਮੰਗਾਂ ਮੰਨਣ ਦੀ ਥਾਂ ਕਿਸਾਨਾਂ ’ਤੇ ਤਸ਼ੱਦਦ ਢਾਹੁਣ ਕਾਰਨ ਕਿਸਾਨਾਂ ਵੱਲੋਂ ਭਾਜਪਾ ਦਾ ਖੁੱਲ੍ਹ ਕੇ ਵਿਰੋਧ ਕਰਨ ਤੇ ਭਾਜਪਾ ਪੂਰਨ ਬਹੁਮਤ ਤੋਂ ਪੱਛੜ ਗਈ ਹੈ ਜਿਸ ਕਾਰਨ ਉਸ ਦਾ 400 ਪਾਰ ਦਾ ਟੀਚਾ ਪੂਰਾ ਨਹੀਂ ਹੋਇਆ। ਅੱਜ ਇੱਥੇ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਪੰਜਾਬ ਭਰ ਤੋਂ ਪੁੱਜੇ ਅਹੁਦੇਦਾਰਾਂ, ਅਗਜ਼ੈਕਟਿਵ ਮੈਂਬਰਾਂ ਅਤੇ ਸਾਰੇ ਜ਼ਿਲ੍ਹਾ ਪ੍ਰਧਾਨਾਂ ਨੇ ਕਿਸਾਨੀ ਮੁੱਦਿਆਂ ’ਤੇ ਵਿਚਾਰਾਂ ਕੀਤੀਆਂ। ਮੀਟਿੰਗ ਉਪਰੰਤ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਅਵਤਾਰ ਸਿੰਘ ਮੇਹਲੋਂ ਸਰਪ੍ਰਸਤ ਅਤੇ ਹਰਿੰਦਰ ਸਿੰਘ ਲੱਖੋਵਾਲ ਪ੍ਰਧਾਨ ਨੇ ਦੱਸਿਆ ਕਿ ਮੀਟਿੰਗ ਵਿੱਚ ਦੇਸ਼ ਦੀਆਂ ਲੋਕ ਸਭਾ ਚੋਣਾਂ ਬਾਰੇ ਵਿਚਾਰਾਂ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਦੇਸ਼ ਭਰ ਦੇ ਕਿਸਾਨਾਂ ਨੇ ਲੋਕ ਸਭਾ ਚੋਣ ਦੌਰਾਨ ਮੋਦੀ ਨੂੰ ਇੱਕ ਸਬਕ ਸਿਖਾਇਆ ਹੈ ਅਤੇ ਜਿਸ ਕਾਰਨ ਉਨ੍ਹਾਂ ਹੋਰ ਪਾਰਟੀਆਂ ਦੇ ਸਹਿਯੋਗ ਨਾਲ ਸਰਕਾਰ ਬਣਾਈ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਆਉਣ ਵਾਲੇ ਸਮੇਂ ਵਿੱਚ ਵੀ ਕਿਸਾਨਾਂ ਨਾਲ ਬਦਸਲੂਕੀ ਜਾਰੀ ਰੱਖੀ ਤਾਂ ਦੇਸ਼ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਭਾਜਪਾ ਦਾ ਵਿਰੋਧ ਜਾਰੀ ਰਹੇਗਾ। ਇਸ ਤੋਂ ਪਹਿਲਾਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਪਰਮਿੰਦਰ ਸਿੰਘ ਪਾਲਮਾਜਰਾ, ਪਰਸ਼ੋਤਮ ਸਿੰਘ ਗਿੱਲ ਅਤੇ ਬਲਦੇਵ ਸਿੰਘ ਸ਼ਾਹਕੋਟ ਨੇ ਕਿਹਾ ਕਿ ਕੰਗਨਾ ਰਣੌਤ ਨੇ ਹਮੇਸ਼ਾ ਹੀ ਕਿਸਾਨਾਂ ਪ੍ਰਤੀ ਗਲਤ ਸ਼ਬਦਾਵਲੀ ਵਰਤੀ ਤੇ ਦਿੱਲੀ ਧਰਨੇ ਦੌਰਾਨ ਧਰਨਾਕਾਰੀ ਮਾਤਾਵਾਂ ਨੂੰ 100-100 ਰੁਪਏ ਦੀਆਂ ਦਿਹਾੜੀ ਦਾਰ ਦੱਸ ਕੇ ਪੰਜਾਬੀਆਂ ਦਾ ਮਖੌਲ ਉਡਾਇਆ ਸੀ। ਇਸ ਮੌਕੇ ਰਣਜੀਤ ਸਿੰਘ ਰੁਟੈਡਾਂ, ਜਸਵੰਤ ਸਿੰਘ ਬੀਜਾ ਅਤੇ ਗੁਰਪ੍ਰੀਤ ਸਿੰਘ ਸਾਹਾਬਾਣਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪਿਛਲੇ ਸਾਲ ਕਈ ਮੰਗਾਂ ’ਤੇ ਸਹਿਮਤੀ ਦਿੱਤੀ ਸੀ ਤੇ ਧਰਾਤਲ ਪੱਧਰ ’ਤੇ ਲਾਗੂ ਕਰਨੀਆਂ ਵੀ ਮੰਨੀਆਂ ਸਨ ਪਰ ਇਹ ਸਰਕਾਰ ਵੀ ਭਾਜਪਾ ਸਰਕਾਰ ਵਾਂਗ ਕਿਸਾਨਾਂ ਨੂੰ ਲਾਰਿਆਂ ਵਿੱਚ ਰੱਖਦੀ ਰਹੀ ਜਿਸ ਦਾ ਨਤੀਜਾ ਸਾਹਮਣੇ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦਾ ਸਬਰ ਨਾ ਪਰਖੇ ਅਤੇ ਜਿੰਨੀ ਜਲਦੀ ਹੋ ਸਕੇ ਮੰਨੀਆਂ ਮੰਗਾਂ ਲਾਗੂ ਕਰੇ।
ਉਨ੍ਹਾਂ ਝੋਨੇ ਦੇ ਸੀਜ਼ਨ ਦੌਰਾਨ ਘੱਟੋ-ਘੱਟ ਇੱਕ ਮਹੀਨਾ ਨਹਿਰੀ ਪਾਣੀ ਤੇ ਬਿਜਲੀ 24 ਘੰਟੇ ਕਿਸਾਨਾਂ ਨੂੰ ਦੇਣ ਦੀ ਮੰਗ ਵੀ ਕੀਤੀ। ਨਿਰਮਲ ਸਿੰਘ ਝੰਡੂਕੇ, ਹਰਮਿੰਦਰ ਸਿੰਘ ਖਹਿਰਾ ਤੇ ਸੂਰਤ ਸਿੰਘ ਕਾਦਰਵਾਲਾ ਨੇ ਵੀ ਕਿਸਾਨਾਂ ਦੀਆਂ ਮੁਸ਼ਕਲਾਂ ਬਾਰੇ ਜਾਣਕਾਰੀ ਦਿੱਤੀ।