ਪੱਤਰ ਪ੍ਰੇਰਕ
ਫਰੀਦਾਬਾਦ, 10 ਜੂਨ
ਹਰਿਆਣਾ ਦੇ ਨਿਗਮਾਂ ਅਧੀਨ ਪ੍ਰਾਪਰਟੀ ਆਈਡੀ ਨੂੰ ਲੈ ਕੇ ਲੋਕਾਂ ਦੀ ਹੁੰਦੀ ਖੱਜਲ-ਖੁਆਰੀ ਦੇ ਮਦੇਨਜ਼ਰ ਸੂਬਾ ਸਰਕਾਰ ਨੇ ਵਿਸ਼ੇਸ਼ ਮੁਹਿੰਮ ਜਾਇਦਾਦ ਦੇ ਦਸਤਾਵੇਜ਼ਾਂ ਨੂੰ ਸਹੀ ਕਰਨ ਲਈ ਚਲਾਈ ਹੈ ਪਰ ਫਰੀਦਾਬਾਦ ਨਗਰ ਨਿਗਮ ਦਾ ਕਰ ਇਕੱਠਾ ਕਰਨ ਵਾਲਾ ਅਮਲਾ ਇਸ ਸਬੰਧੀ ਅਧਿਕਾਰੀਆਂ ਦੀ ਪ੍ਰਵਾਹ ਨਹੀਂ ਕਰਦਾ। ਅੱਜ ਸ਼ਹਿਰ ਵਿਚ ਥਾਂ-ਥਾਂ ਕੈਂਪ ਲਾ ਕੇ ਕਰ ਇਕੱਠਾ ਕੀਤਾ ਗਿਆ ਤੇ ਪ੍ਰਾਪਰਟੀ ਆਈਡੀ ਠੀਕ ਕੀਤੀ ਗਈ ਪਰ ਸੰਜੇ ਗਾਂਧੀ ਮੈਮੋਰੀਅਲ ਨਗਰ ਦੇ ਆਸ਼ਾ ਨੰਦ ਪਬਲਿਕ ਸਕੂਲ ਦੇ ਕੈਂਪ ਦੀ ਥਾਂ ਅਧਿਕਾਰੀ ਜੀਤ ਸਿੰਘ, ਮਹਿੰਦਰ ਸਿੰਘ, ਜੇਜੇਪੀ ਨੇਤਾ ਦੇ ਦਫ਼ਤਰ ਵਿਖੇ ਗਲਤੀਆਂ ਸਹੀ ਕਰਨ ਲੱਗੇ ਰਹੇ ਜਦੋਂਕਿ ਸਕੂਲ ਵਿੱਚੋਂ ਲੋਕ ਖੱਜਲਖੁਆਰ ਹੋ ਕੇ ਵਾਪਸ ਪਰਤਦੇ ਰਹੇ। ਸਹਾਇਕ ਅਧਿਕਾਰੀ ਦੇ ਕਹਿਣ ਦੇ ਬਾਵਜੂਦ ਉਨ੍ਹਾਂ ਕੈਂਪ ਨਹੀਂ ਲਾਇਆ। ਉਹ ਸੀ ਬਲਾਕ ਦੇ ਜੇਜੇਪੀ ਆਗੂ ਦੇ ਦਫਤਰ ਹੀ ਡਟੇ ਰਹੇ। ਜਦੋਂ ਮਾਮਲਾ ਜ਼ੋਨਲ ਟੈਕਸਟੇਸ਼ਨ ਅਫ਼ਸਰ (ਜ਼ੈੱਡਟੀਓ) ਦੇ ਧਿਆਨ ਵਿੱਚ ਲਿਆਂਦਾ ਗਿਆ ਤਾਂ ਪਹਿਲਾਂ ਉਹ ਟਾਲ-ਮਟੋਲ ਕਰਦੇ ਰਹੇ। ਮਗਰੋਂ ਜ਼ੈਡਟੀਓ ਨੇ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦਾ ਭਰੋਸਾ ਦਿੱਤਾ। ਲੋਕਾਂ ਨੇ ਕਿਹਾ ਕਿ ਜੂਨੀਅਰ ਅਧਿਕਾਰੀ ਲੋਕਾਂ ਦੀਆਂ ਸਹੂਲਤਾਂ ਵੱਲ ਧਿਆਨ ਨਹੀਂ ਦਿੰਦੇ। ਸਹਾਇਕ ਅਧਿਕਾਰੀ ਨੇ ਫੋਨ ’ਤੇ ਵੀ ਦੋਵਾਂ ਅਧਿਕਾਰੀਆਂ ਨੂੰ ਇਸ ਸਬੰਧੀ ਝਾੜ ਪਾਈ ਪਰ ਉਨ੍ਹਾਂ ਇਸ ਦੀ ਪ੍ਰਵਾਹ ਨਾ ਕੀਤੀ।