ਪੱਤਰ ਪ੍ਰੇਰਕ
ਫਰੀਦਾਬਾਦ, 10 ਜੂਨ
ਸਿੱਖਿਆ ਮੰਤਰੀ ਸ੍ਰੀਮਤੀ ਸੀਮਾ ਤ੍ਰਿਖਾ ਨੇ ਨਵੇਂ ਬਣੇ 66 ਕੇਵੀ ਬਿਜਲੀ ਸਬ ਸਟੇਸ਼ਨ ਦਾ ਬਟਨ ਦਬਾ ਕੇ ਉਦਘਾਟਨ ਕੀਤਾ। ਉਨ੍ਹਾਂ ਦੱਸਿਆ ਕਿ 7 ਜੂਨ 2015 ਨੂੰ ਹਰਿਆਣਾ ਦੇ ਤਤਕਾਲੀ ਮੁੱਖ ਮੰਤਰੀ ਮਨੋਹਰ ਲਾਲ ਦੀ ਬੜਖਲ ਵਿਧਾਨ ਸਭਾ ਹਲਕੇ ਦੇ ਬੁੱਧ ਵਿਹਾਰ ਪਾਰਕ ਵਿਖੇ ਪਹਿਲੀ ਆਮਦ ’ਤੇ ਪ੍ਰਗਤੀ ਰੈਲੀ ਦੌਰਾਨ ਇਸ ਖੇਤਰ ਵਿੱਚ ਬਿਜਲੀ ਦੀ ਕਿੱਲਤ ਦੇ ਮੱਦੇਨਜ਼ਰ ਚਾਰ ਨਵੇਂ ਸਬ ਸਟੇਸ਼ਨ ਬਣਾਉਣ ਦੀ ਮੰਗ ਕੀਤੀ ਗਈ ਸੀ। ਇਸ ਨੂੰ ਸਵੀਕਾਰ ਕਰਦੇ ਹੋਏ ਮੁੱਖ ਮੰਤਰੀ ਨੇ ਬਡਖਲ ਵਿਧਾਨ ਸਭਾ ਹਲਕੇ ਵਿੱਚ ਸੈਕਟਰ-46, 21 ਡੀ, ਗ੍ਰੀਨਫੀਲਡ ਕਲੋਨੀ ਅਤੇ ਸੂਰਜਕੁੰਡ ਸਣੇ 66 ਕੇਵੀ ਦੇ ਚਾਰ ਨਵੇਂ ਸਬ ਸਟੇਸ਼ਨ ਬਣਾਉਣ ਦੀ ਮਨਜ਼ੂਰੀ ਦੇਣ ਲਈ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ ਸਨ। ਸਿੱਖਿਆ ਮੰਤਰੀ ਨੇ ਕਿਹਾ ਕਿ ਸੈਕਟਰ-46 ਦੇ ਸਬ ਸਟੇਸ਼ਨ ਦਾ ਨਿਰਮਾਣ ਮੁਕੰਮਲ ਹੋਣ ਨਾਲ ਇਹ ਸਬ ਸਟੇਸ਼ਨ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਗਿਆ ਹੈ। ਇਸ ਯਤਨ ਤਹਿਤ ਸੈਕਟਰ-21 ਡੀ ਸਥਿਤ ਨਵੇਂ ਬਣੇ ਸਬ ਸਟੇਸ਼ਨ ਨੂੰ ਮਹੀਨੇ ਲਈ ਟਰਾਇਲ ਆਧਾਰ ’ਤੇ ਚਾਲੂ ਕਰ ਦਿੱਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਕਰੀਬ 22 ਕਰੋੜ 50 ਲੱਖ ਰੁਪਏ ਦੀ ਲਾਗਤ ਨਾਲ ਬਣੇ ਇਸ ਸਬ ਸਟੇਸ਼ਨ ਨੂੰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੱਲੋਂ ਮਹੀਨੇ ਦੀ ਅਜ਼ਮਾਇਸ਼ ਤੋਂ ਬਾਅਦ ਲੋਕ ਅਰਪਣ ਕੀਤਾ ਜਾਵੇਗਾ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਨਵੇਂ ਬਣੇ ਸਬ-ਸਟੇਸ਼ਨ ਦੇ ਨਿਰਮਾਣ ਨਾਲ ਐੱਨਐੱਚ.-1, 2, 3, 4, 5, ਪਿੰਡ ਬੜਖਲ, ਅਣਖੀ, ਐੱਸਜੀਐੱਮ ਨਗਰ, ਸੈਕਟਰ-21 ਏ, ਬੀ, ਸੀ, ਡੀ, ਸੈਕਟਰ-48, ਸੈਕਟਰ- 46, ਗਾਂਧੀ ਕਲੋਨੀ, ਫਤਿਹਪੁਰ ਚੰਦੀਲਾ ਆਦਿ ਇਲਾਕਿਆਂ ਨੂੰ ਲਾਭ ਮਿਲੇਗਾ।