ਲਲਿਤ ਮੋਹਨ
ਧਰਮਸ਼ਾਲਾ, 11 ਜੂਨ
ਟਾਂਡਾ ਦੇ ਮੈਡੀਕਲ ਕਾਲਜ ਵਿੱਚ ਰੈਗਿੰਗ ਦੀਆਂ ਦੋ ਘਟਨਾਵਾਂ ਸਾਹਮਣੇ ਆਈਆਂ ਹਨ, ਜਿਸ ਵਿੱਚ ਚਾਰ ਮੈਡੀਕਲ ਵਿਦਿਆਰਥੀਆਂ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਟਾਂਡਾ ਮੈਡੀਕਲ ਕਾਲਜ ਦੀ ਐਂਟੀ ਰੈਗਿੰਗ ਕਮੇਟੀ ਨੇ 2019 ਬੈਚ ਦੇ ਦੋ ਮੈਡੀਕਲ ਵਿਦਿਆਰਥੀਆਂ ’ਤੇ 1-1 ਲੱਖ ਰੁਪਏ ਦਾ ਜੁਰਮਾਨਾ ਕੀਤਾ ਹੈ ਅਤੇ ਉਨ੍ਹਾਂ ਨੂੰ ਇਕ ਸਾਲ ਲਈ ਕਾਲਜ ਤੋਂ ਕੱਢ ਦਿੱਤਾ ਹੈ। ਇੱਕ ਹੋਰ ਮਾਮਲੇ ਵਿੱਚ ਸਾਲ 2022 ਬੈਚ ਦੇ ਦੋ ਵਿਦਿਆਰਥੀਆਂ ’ਤੇ 50-50 ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਰੈਗਿੰਗ ਦੇ ਦੋਸ਼ ਵਿੱਚ 6 ਮਹੀਨਿਆਂ ਲਈ ਕਾਲਜ ਤੋਂ ਕੱਢ ਦਿੱਤਾ ਗਿਆ ਹੈ।
ਟਾਂਡਾ ਮੈਡੀਕਲ ਕਾਲਜ ਵਿੱਚ ਕਿਸੇ ਵੀ ਤਰ੍ਹਾਂ ਦੇ ਅਪਰਾਧ ਲਈ ਵਿਦਿਆਰਥੀਆਂ ‘ਤੇ ਲਗਾਇਆ ਗਿਆ ਇਹ ਹੁਣ ਤੱਕ ਦਾ ਸਭ ਤੋਂ ਵੱਧ ਜੁਰਮਾਨਾ ਹੈ।
ਸੂਤਰਾਂ ਨੇ ਦੱਸਿਆ ਕਿ 2019 ਬੈਚ ਦੇ ਦੋ ਮੈਡੀਕਲ ਵਿਦਿਆਰਥੀਆਂ ਨੇ 2020 ਬੈਚ ਦੇ ਆਪਣੇ ਦੋ ਜੂਨੀਅਰਾਂ ਦੀ ਰੈਗਿੰਗ ਕੀਤੀ। 5 ਜੂਨ ਨੂੰ ਵਾਪਰੀ ਇੱਕ ਹੋਰ ਘਟਨਾ ਵਿੱਚ 2022 ਬੈਚ ਦੇ ਦੋ ਵਿਦਿਆਰਥੀਆਂ ਨੇ ਆਪਣੇ ਜੂਨੀਅਰਾਂ ਦੀ ਰੈਗਿੰਗ ਕੀਤੀ। ਰੈਗਿੰਗ ਦਾ ਸਾਹਮਣਾ ਕਰਨ ਵਾਲੇ ਲਗਪਗ 8 ਵਿਦਿਆਰਥੀਆਂ ਨੇ ਟਾਂਡਾ ਮੈਡੀਕਲ ਕਾਲਜ ਦੇ ਅਧਿਕਾਰੀਆਂ ਨੂੰ ਮਾਮਲੇ ਦੀ ਰਿਪੋਰਟ ਕਰਨ ਦੀ ਬਜਾਏ ਨੈਸ਼ਨਲ ਮੈਡੀਕਲ ਕੌਂਸਲ (ਐੱਨਐੱਮਸੀ) ਕੋਲ ਆਨਲਾਈਨ ਸ਼ਿਕਾਇਤ ਦਰਜ ਕਰਵਾਈ। ਕੌਂਸਲ ਨੇ ਟਾਂਡਾ ਮੈਡੀਕਲ ਕਾਲਜ ਦੇ ਅਧਿਕਾਰੀਆਂ ਨੂੰ ਪੱਤਰ ਲਿਖਿਆ, ਜਿਸ ਨੇ ਮਾਮਲਾ ਕਾਲਜ ਦੀ ਐਂਟੀ ਰੈਗਿੰਗ ਕਮੇਟੀ ਨੂੰ ਭੇਜ ਦਿੱਤਾ।
ਟਾਂਡਾ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਮਿਲਾਪ ਸ਼ਰਮਾ ਨੇ ਮੰਨਿਆ ਕਿ ਰੈਗਿੰਗ ਦੇ ਦੋਸ਼ ਹੇਠ 2019 ਅਤੇ 2022 ਬੈਚ ਦੇ ਦੋ-ਦੋ ਵਿਦਿਆਰਥੀਆਂ ਸਮੇਤ ਚਾਰ ਵਿਦਿਆਰਥੀਆਂ ਨੂੰ ਕਾਲਜ ਵਿੱਚੋਂ ਕੱਢ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਦੋਸ਼ੀ ਵਿਦਿਆਰਥੀਆਂ ‘ਤੇ ਭਾਰੀ ਜੁਰਮਾਨਾ ਵੀ ਕੀਤਾ ਗਿਆ ਹੈ।