ਮਾਸਕੋ, 11 ਜੂਨ
ਰੂਸ ਤੇ ਇਸ ਦੇ ਭਾਈਵਾਲ ਬੇਲਾਰੂਸ ਨੇ ਆਪਣੀਆਂ ਫੌਜਾਂ ਨੂੰ ਜੁਗਤੀਪੂਰਨ ਪਰਮਾਣੂ ਹਥਿਆਰਾਂ ਬਾਰੇ ਸਿਖਲਾਈ ਦੇਣ ਦੇ ਇਰਾਦੇ ਨਾਲ ਮਸ਼ਕਾਂ ਦਾ ਦੂਜਾ ਗੇੜ ਸ਼ੁਰੂ ਕਰ ਦਿੱਤਾ ਹੈ। ਇਹ ਮਸ਼ਕਾਂ ਕਰੈਮਲਿਨ ਵੱਲੋਂ ਪੱਛਮੀ ਮੁਲਕਾਂ ਨੂੰ ਯੂਕਰੇਨ ਦੀ ਹਮਾਇਤ ਵਿਚ ਨਿੱਤਰਨ ਤੋਂ ਰੋਕਣ ਲਈ ਨਿਰਉਤਸ਼ਾਹਿਤ ਕਰਨ ਦੀਆਂ ਕੋਸ਼ਿਸ਼ਾਂ ਦਾ ਹਿੱਸਾ ਹਨ। ਰੂਸ ਦੇ ਰੱਖਿਆ ਮੰਤਰੀ ਨੇ ਕੁਝ ਪੱਛਮੀ ਮੁਲਕਾਂ ਵਿਚ ਰੂਸ ਖਿਲਾਫ਼ ਦਿੱਤੇ ਭੜਕਾਊ ਬਿਆਨਾਂ ਮਗਰੋਂ ਪਿਛਲੇ ਮਹੀਨੇ ਪਰਮਾਣੂ ਮਸ਼ਕਾਂ ਦਾ ਐਲਾਨ ਕੀਤਾ ਸੀ।
ਕਰੈਮਲਿਨ ਦੇ ਤਰਜਮਾਨ ਦਮਿੱਤਰੀ ਪੈਸਕੋਵ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ‘ਅਜਿਹੀਆਂ ਮਸ਼ਕਾਂ ਦਾ ਮਕਸਦ ਕਿਸੇ ਵੀ ਚੁਣੌਤੀ ਦੇ ਟਾਕਰੇ ਲਈ ਤਿਆਰ ਬਰ ਤਿਆਰ ਰਹਿਣਾ’ ਹੈ। ਇਹ ਅਮਰੀਕਾ ਤੇ ਯੂਰਪ ਵਿਚਲੇ ਉਸ ਦੇ ਭਾਈਵਾਲਾਂ ਦੇ ‘ਵਿਰੋਧੀ ਫੈਸਲਿਆਂ ਤੇ ਕਾਰਵਾਈਆਂ’ ਅਤੇ ਉਨ੍ਹਾਂ ਵੱਲੋਂ ਨਿੱਤ ਪੈਦਾ ਕੀਤੀ ਜਾਂਦੀ ਭੜਕਾਹਟ ਦੇ ਮੱਦੇਨਜ਼ਰ ਮਹੱਤਵਪੂਰਨ ਹਨ। -ਏਪੀ