ਸਰਬਜੀਤ ਸਿੰਘ ਭੰਗੂ
ਪਟਿਆਲਾ, 11 ਜੂਨ
ਆਗਾਮੀ ਮੌਨਸੂਨ ਸੀਜ਼ਨ ਦੇ ਮੱਦੇਨਜ਼ਰ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਅੱਜ ਜ਼ਿਲ੍ਹੇ ਵਿੱਚੋਂ ਲੰਘਦੇ ਘੱਗਰ, ਟਾਂਗਰੀ ਤੇ ਮਾਰਕੰਡਾ ਦਰਿਆਵਾਂ ਸਮੇਤ ਪੱਚੀ ਦਰਾ, ਛੋਟੀ ਤੇ ਵੱਡੀ ਨਦੀ ਦਾ ਦੌਰਾ ਕਰ ਕੇ ਹੜ੍ਹ ਰੋਕੂ ਪ੍ਰਬੰਧਾਂ ਦਾ ਨਿਰੀਖਣ ਕੀਤਾ। ਉਨ੍ਹਾਂ ਨੇ ਸਰਾਲਾ ਹੈੱਡ ਸਮੇਤ ਘੱਗਰ ਦਰਿਆ ਦਾ ਜਾਇਜ਼ਾ ਲਿਆ। ਹੜ੍ਹ ਰੋਕੂ ਪ੍ਰਬੰਧ ਮੌਕੇ ’ਤੇ ਜਾ ਕੇ ਦੇਖਣ ਸਮੇਤ ਉਨ੍ਹਾਂ ਨੇ ਸਰਾਲਾ ਸਾਈਫ਼ਨ ਸਮੇਤ ਪਟਿਆਲਾ ਸ਼ਹਿਰ ਵਿਚਲੀ ਵੱਡੀ ਤੇ ਛੋਟੀ ਨਦੀ ਦਾ ਵੀ ਜਾਇਜ਼ਾ ਲਿਆ। ਇਸ ਦੇ ਨਾਲ ਹੀ ਉਨ੍ਹਾ ਨੇ ਇਥੇ ਪੰਜਾਬੀ ਯੂਨੀਵਰਸਿਟੀ ਦੇ ਪਿੱਛੇ ਸਥਿਤ ਦੌਲਤਪੁਰ, ਵੱਡੀ ਨਦੀ ’ਤੇ ਰੇਲਵੇ ਪੁਲ ਦਾ ਵੀ ਦੌਰਾ ਕੀਤਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਿਛਲੇ ਸਾਲ ਹੜ੍ਹਾਂ ਕਰਕੇ ਹੋਏ ਨੁਕਸਾਨ ਦੇ ਮੱਦੇਨਜ਼ਰ ਇਸ ਵਾਰ ਹੜ੍ਹਾਂ ਤੋਂ ਬਚਾਅ ਦੇ ਪ੍ਰਬੰਧ ਅਗੇਤੇ ਮੁਕੰਮਲ ਕੀਤੇ ਜਾ ਰਹੇ ਹਨ। ਇਸ ਲਈ ਉਨ੍ਹਾਂ ਨੇ ਘੱਗਰ ਤੇ ਹੋਰਨਾਂ ਦਰਿਆਵਾਂ ਤੇ ਨਦੀਆਂ ਦੀਆਂ ਨਾਜ਼ੁਕ ਥਾਵਾਂ ਦਾ ਖ਼ੁਦ ਦੌਰਾ ਕੀਤਾ ਹੈ। ਇਸ ਦੌਰਾਨ ਹੀ ਸਥਾਨਕ ਨਿਵਾਸੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੇ ਫੀਡਬੈਕ ਵੀ ਲਈ ਤੇ ਸਬੰਧਤ ਅਧਿਕਾਰੀਆਂ ਨੂੰ ਲੋੜੀਂਦੇ ਨਿਰਦੇਸ਼ ਜਾਰੀ ਕੀਤੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੜ੍ਹਾਂ ਦੀ ਰੋਕਥਾਮ ਸਬੰਧੀ ਜਲ ਨਿਕਾਸ ਤੇ ਹੋਰ ਸਬੰਧਤ ਵਿਭਾਗਾਂ ਨੂੰ ਲੋੜੀਂਦੇ ਅਗਾਊਂ ਪ੍ਰਬੰਧ ਪੁਖ਼ਤਾ ਕਰਨ ਦੀਆਂ ਹਦਾਇਤਾਂ ਪਹਿਲਾਂ ਹੀ ਦੇ ਦਿੱਤੀਆਂ ਗਈਆਂ ਹਨ। ਆਗਾਮੀ ਮੌਨਸੂਨ ਸੀਜ਼ਨ ਵਿੱਚ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। ਰਸੌਲੀ ਤੇ ਅਰਨੇਟੂ ਵਿਖੇ ਜਿਥੇ ਪਿਛਲੇ ਸਾਲ ਬੰਨ੍ਹ ਟੁੱਟੇ ਸਨ, ਦਾ ਵੀ ਜਾਇਜ਼ਾ ਲੈ ਕੇ ਇਸ ਨੂੰ ਹੋਰ ਮਜ਼ਬੂਤ ਕਰਨ ਲਈ ਕਿਹਾ ਹੈ।