ਸ਼ੇਰਪੁਰ (ਪੱਤਰ ਪ੍ਰੇਰਕ): ਚੰਗੇ ਭਵਿੱਖ ਦੀ ਤਲਾਸ਼ ’ਚ ਬਹਿਰੀਨ ਗਈ ਜ਼ਿਲ੍ਹਾ ਸੰਗਰੂਰ ਦੇ ਬਲਾਕ ਸ਼ੇਰਪੁਰ ਨਾਲ ਸਬੰਧਤ ਪਿੰਡ ਟਿੱਬਾ ਦੇ ਮਜ਼ਦੂਰ ਪਰਿਵਾਰ ਦੀ ਧੀ ਦੀ ਲਾਸ਼ ਦੁਪਹਿਰ ਪਿੰਡ ਟਿੱਬਾ ਪੁੱਜਣ ’ਤੇ ਉਸਦਾ ਸਸਕਾਰ ਕਰ ਦਿੱਤਾ ਗਿਆ। ਯਾਦ ਰਹੇ ਕਿ ਪਿਛਲੇ ਦਿਨੀਂ ਪਰਿਵਾਰ ਨੂੰ ਸੁਨੇਹਾ ਮਿਲਿਆ ਸੀ ਕਿ ਉਨ੍ਹਾਂ ਦੀ ਧੀ ਨੇ ਬਹਿਰੀਨ ਵਿੱਚ ਖੁਦਕੁਸ਼ੀ ਕਰ ਲਈ ਹੈ ਅਤੇ ਇਸ ਮਗਰੋਂ ਪੀੜਤ ਪਰਿਵਾਰ ਆਪਣੀ ਧੀ ਦੀ ਲਾਸ਼ ਲਿਆਉਣ ਲਈ ਪੰਜਾਬ ਤੇ ਕੇਂਦਰ ਸਰਕਾਰ ਦੇ ਨਾਲ-ਨਾਲ ਭਾਰਤੀ ਦੂਤਾਵਾਸ ਨੂੰ ਲਗਾਤਾਰ ਪੱਤਰ ਲਿਖ ਰਿਹਾ ਸੀ।
ਜਾਣਕਾਰੀ ਅਨੁਸਾਰ ਇੱਕ ਧਾਰਮਿਕ ਸਥਾਨ ਦੀ ਕਮੇਟੀ ਦੀ ਮਦਦ ਸਦਕਾ ਹਰਜਿੰਦਰ ਕੌਰ ਦੀ ਮ੍ਰਿਤਕ ਦੇਹ ਦਿੱਲੀ ਪੁੱਜੀ ਜਿੱਥੋਂ ਹਰਜਿੰਦਰ ਕੌਰ ਦੀ ਲਾਸ਼ ਲਿਆਉਣ ਲਈ ਮਰਹੂਮ ਦੇ ਪਿਤਾ ਦਰਸ਼ਨ ਸਿੰਘ, ਸਾਬਕਾ ਪੰਚ ਕਰਨੈਲ ਸਿੰਘ, ਸਾਬਕਾ ਫੌਜੀ ਨਿਰਮਲ ਸਿੰਘ ਆਦਿ ਐਂਬੂਲੈਂਸ ਲੈ ਕੇ ਦੁਪਹਿਰ ਸਮੇਂ ਪਿੰਡ ਟਿੱਬਾ ਪੁੱਜੇ।
ਪਿੰਡ ਦੇ ਨੌਜਵਾਨ ਕੁਲਵੰਤ ਸਿੰਘ ਨੇ ਕੇਂਦਰ ਸਰਕਾਰ ਤੇ ਭਾਰਤੀ ਦੂਤਾਵਾਸ ਨੂੰ ਅਪੀਲ ਕਰਦਿਆਂ ਕਿਹਾ ਕਿ ਪਰਿਵਾਰ ਨੂੰ ਇਹ ਯਕੀਨ ਹੈ ਕਿ ਉਨ੍ਹਾਂ ਦੀ ਧੀ ਆਤਮ ਹੱਤਿਆ ਨਹੀਂ ਕਰ ਸਕਦੀ ਜਿਸ ਕਰਕੇ ਇਸ ਪੂਰੇ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰਵਾ ਕੇ ਪਰਿਵਾਰ ਨੁੰ ਇਨਸਾਫ਼ ਦਿਵਾਇਆ ਜਾਵੇ।