ਸੁਰਿੰਦਰ ਮਾਵੀ
ਵਿਨੀਪੈਗ, 11 ਜੂਨ
ਕੌਮਾਂਤਰੀ ਪੰਜਾਬੀ ਸਪੋਰਟਸ ਕਲੱਬ ਵੱਲੋਂ ਇੱਥੇ ਕਰਵਾਇਆ ਗਿਆ ਟੋਰਾਂਟੋ ਕਬੱਡੀ ਕੱਪ ਓਂਟਾਰੀਓ ਕਬੱਡੀ ਕਲੱਬ (ਓਕੇਸੀ) ਨੇ ਜਿੱਤ ਲਿਆ ਜਦਕਿ ਗ੍ਰੇਟਰ ਟੋਰਾਂਟੋ ਏਰੀਆ ਕਬੱਡੀ ਕਲੱਬ (ਜੀਟੀਏ) ਦੀ ਟੀਮ ਉਪ ਜੇਤੂ ਰਹੀ। ਜੇਤੂ ਟੀਮ ਦਾ ਰਵੀ ਸਰਬੋਤਮ ਰੇਡਰ ਅਤੇ ਵਾਹਿਗੁਰੂ ਸੀਚੇਵਾਲ ਸਰਬੋਤਮ ਜਾਫੀ ਚੁਣੇ ਗਏ। ਜੂਨੀਅਰ ਟੀਮਾਂ ਦੇ ਮੁਕਾਬਲੇ ’ਚ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਜੇਤੂ ਰਿਹਾ।
ਪਹਿਲੇ ਸੈਮੀ ਫਾਈਨਲ ’ਚ ਓਕੇਸੀ ਦੀ ਟੀਮ ਨੇ ਪਿਛਲੀ ਕੱਪ ਜੇਤੂ ਯੂਨਾਈਟਿਡ ਬਰੈਂਪਟਨ ਸਪੋਰਟਸ ਕਲੱਬ ਦੀ ਟੀਮ ਨੂੰ 42-37.5 ਅੰਕਾਂ ਨਾਲ ਹਰਾ ਕੇ ਲਗਾਤਾਰ ਦੂਸਰੀ ਵਾਰ ਫਾਈਨਲ ’ਚ ਜਗ੍ਹਾ ਬਣਾਈ। ਦੂਸਰੇ ਸੈਮੀ ਫਾਈਨਲ ’ਚ ਜੀਟੀਏ ਕਲੱਬ ਨੇ ਮੈਟਰੋ ਪੰਜਾਬੀ ਸਪੋਰਟਸ ਕਲੱਬ ਨੂੰ 40-37.5 ਅੰਕਾਂ ਨਾਲ ਹਰਾ ਫਾਈਨਲ ’ਚ ਥਾਂ ਪੱਕੀ ਕੀਤੀ। ਖ਼ਿਤਾਬੀ ਮੁਕਾਬਲੇ ’ਚ ਓਕੇਸੀ ਕਲੱਬ ਨੇ ਜੀਟੀਏ ਕਲੱਬ ਨੂੰ 49-37.5 ਅੰਕਾਂ ਨਾਲ ਹਰਾ ਕੇ ਜਿੱਤ ਦਰਜ ਕੀਤੀ।
ਟੂਰਨਾਮੈਂਟ ਦਾ ਸੰਚਾਲਨ ਅੰਪਾਇਰ ਪੱਪੂ ਭਦੌੜ, ਬਲਵੀਰ ਨਿੱਝਰ, ਸਵਰਨਾ ਵੈਲੀ, ਬਿੰਨਾ ਮਲਿਕ, ਨੀਟੂ ਸਰਾਏ ਤੇ ਸਾਬੀ ਨੇ ਕੀਤਾ। ਪ੍ਰੋ. ਮੱਖਣ ਸਿੰਘ ਹਕੀਮਪੁਰ, ਸੁਰਜੀਤ ਕਕਰਾਲੀ, ਛਿੰਦਰ ਧਾਲੀਵਾਲ, ਮੱਖਣ ਅਲੀ ਤੇ ਇਕਬਾਲ ਗ਼ਾਲਿਬ ਨੇ ਆਪਣੀ ਕੁਮੈਂਟਰੀ ਰਾਹੀਂ ਮੈਚ ਰੌਚਕ ਬਣਾ ਦਿੱਤੇ। ਇਸ ਮੌਕੇ ਸਾਬਕਾ ਸੰਸਦ ਮੈਂਬਰ ਰਾਜ ਗਰੇਵਾਲ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ।