ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 11 ਜੂਨ
ਪਾਵਰਕੌਮ ਪੈਨਸ਼ਨਰ ਐਸੋਸੀਏਸ਼ਨ ਮੰਡਲ ਮਾਲੇਰਕੋਟਲਾ ਦੀ ਮਹੀਨਾਵਾਰ ਮੀਟਿੰਗ ਜਰਨੈਲ ਸਿੰਘ ਮੰਡਲ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਕੁਝ ਸਮਾਂ ਪਹਿਲਾਂ ਵਿੱਛੜੇ ਪੈਨਸ਼ਨਰਾਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਉਪਰੰਤ ਪਿਆਰਾ ਲਾਲ ਸਰਕਲ ਪ੍ਰਧਾਨ, ਪਰਮਜੀਤ ਸ਼ਰਮਾ ਸਕੱਤਰ, ਬਸ਼ੀਰ ਉਲ ਹੱਕ, ਬਲਵੀਰ ਸਿੰਘ, ਇਕਬਾਲ ਸਿੰਘ ਫਰਵਾਲੀ, ਅਵਿਨਾਸ਼ ਚੋਪੜਾ ਵੱਲੋਂ ਸਰਕਾਰਾਂ ਦੀਆਂ ਨਿੱਜੀਕਰਨ ਤੇ ਨਿਗਮੀਕਰਨ ਦੀਆਂ ਨੀਤੀਆਂ ਦੀ ਨਿਖੇਧੀ ਕੀਤੀ ਗਈ।
ਬੁਲਾਰਿਆਂ ਕਿਹਾ ਕਿ ਲੋਕ ਸਭਾ ਚੋਣਾਂ ’ਚ ਭਾਜਪਾ ਦਾ 400 ਤੋਂ ਪਾਰ ਅਤੇ ਭਗਵੰਤ ਮਾਨ ਦਾ 13-0 ਬਿਰਤਾਂਤ ਬੁਰੀ ਤਰ੍ਹਾਂ ਨਾਕਾਮ ਰਿਹਾ। ਚੋਣ ਪ੍ਰਚਾਰ ਦੌਰਾਨ ਕਿੱਕਲੀ ਗਾਉਣ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਨੂੰ ਸਿਰਫ਼ 3 ਸੀਟਾਂ ’ਤੇ ਹੀ ਸਬਰ ਕਰਨਾ ਪਿਆ। ਬੁਲਾਰਿਆਂ ਕਿਹਾ ਕਿ ਦੋਵੇਂ ਪਾਰਟੀਆਂ ਨੂੰ ਲੋਕ ਸਭਾ ਚੋਣਾਂ ਦੌਰਾਨ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀ ਨਰਾਜ਼ਗੀ ਕਾਰਨ ਮਿੱਥੇ ਟੀਚੇ ਤੋਂ ਘੱਟ ਸੀਟਾਂ ਮਿਲੀਆਂ। ਮਸਲੇ ਹੱਲ ਨਾ ਕਰਨ ਸਬੰਧੀ ਨਰਾਜ਼ ਹੋਏ ਮੁਲਾਜ਼ਮਾਂ, ਮਜ਼ਦੂਰਾਂ, ਪੈਨਸ਼ਨਰਜ਼ ਨੇ ‘ਆਪ’ ਉਮੀਦਵਾਰਾਂ ਨੂੰ ਵੋਟਾਂ ਨਾ ਪਾ ਕੇ ਜੋ ਸਬਕ ਸਿਖਾਇਆ ਗਿਆ ਹੈ ਉਸ ਸਬੰਧੀ ਸਾਰੇ ਮੁਲਾਜ਼ਮਾਂ ਅਤੇ ਪੈਨਸ਼ਨਰਜ਼ ਵਧਾਈ ਦੇ ਪਾਤਰ ਹਨ।