ਖੇਤਰੀ ਪ੍ਰਤੀਨਿਧ
ਪਟਿਆਲਾ, 11 ਜੂਨ
ਇੱਥੇ ਪੀ.ਆਰ.ਟੀ.ਸੀ. ਰਿਟਾਇਰਡ ਵਰਕਰਜ਼ ਭਾਈਚਾਰਾ ਯੂਨੀਅਨ ਏਟਕ ਦੀ ਅੱਜ ਸੂਬਾ ਪੱਧਰ ਦੀ ਕਨਵੈਨਸ਼ਨ ਕੀਤੀ ਗਈ ਜਿਸ ਵਿੱਚ ਸਾਰੇ ਡਿੱਪੂਆਂ ਵਿੱਚੋਂ ਸੇਵਾਮੁਕਤ ਹੋਏ ਕਈ ਕਰਮਚਾਰੀਆਂ ਨੇ ਹਿੱਸਾ ਲਿਆ ਜਿਸ ਦੀ ਪ੍ਰਧਾਨਗੀ ਉਤਮ ਸਿੰਘ ਬਾਗੜੀ, ਕੁਲਦੀਪ ਸਿੰਘ ਗਰੇਵਾਲ, ਸੁਖਦੇਵ ਰਾਮ ਸੁੱਖੀ, ਨਛੱਤਰ ਸਿੰਘ ਅਤੇ ਮਹਿੰਦਰ ਸਿੰਘ ਭਸੀਨ ਨੇ ਕੀਤੀ।
ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਸਰਪ੍ਰਸਤ ਨਿਰਮਲ ਸਿੰਘ ਧਾਲੀਵਾਲ,ਪ੍ਰਧਾਨ ਉਤਮ ਸਿੰਘ ਬਾਗੜੀ,ਜਨਰਲ ਸਕੱਤਰ ਮੁਹੰਮਦ ਖਲੀਲ ਅਤੇ ਡਿਪਟੀ ਜਨਰਲ ਸਕੱਤਰ ਰਮੇਸ਼ ਕੁਮਾਰ ਨੇ ਕਿਹਾ ਕਿ ਮੈਨੇਜਮੈਂਟ ਵੱਲੋਂ ਪੀਆਰਟੀਸੀ ਦੀ ਮਜ਼ਬੂਤੀ ਲਈ ਆਪਣੀ ਮਾਲਕੀ ਵਾਲੀ ਕੋਈ ਨਵੀਂ ਬੱਸ ਨਹੀਂ ਪਾਈ ਗਈ। ਇਸ ਤਰ੍ਹਾਂ ਪ੍ਰਾਈਵੇਟ ਟਰਾਂਸਪੋਰਟ ਨੂੰ ਸਰਕਾਰ ਵਲੋਂ ਅਸਿੱਧੇ ਢੰਗ ਨਾਲ ਫਾਇਦਾ ਪਹੁੰਚਾਇਆ ਜਾ ਰਿਹਾ ਹੈ। ਸਰਕਾਰ ਵੱਲੋਂ ਆਪਣੀ ਪੀਆਰਟੀਸੀ ’ਚ ਚੇਅਰਮੈਨ, ਵਾਈਸ ਚੇਅਰਮੈਨ ਅਤੇ ਬੋਰਡ ਮੈਂਬਰਾਂ ਵਜੋਂ ਤਾਇਨਾਤ ਕੀਤੇ ਗਏ ਸਿਆਸੀ ਬੰਦਿਆਂ ਦਾ ਪਹਿਲਾਂ ਹੀ ਘਾਟੇ ’ਚ ਚੱਲ ਰਹੀ ਪੀਆਰਟੀਸੀ ਉਪਰ ਆਰਥਿਕ ਬੋਝ ਹੀ ਪਿਆ ਹੈ, ਫਾਇਦਾ ਕੋਈ ਨਹੀਂ ਹੋਇਆ। ਕਿਉਂਕਿ ਅਜੇ ਤੱਕ ਉਹ ਇੱਕ ਵੀ ਬੱਸ ਨਵੀਂ ਨਹੀ ਪੁਆ ਸਕੇ। ਪੀਆਰਟੀਸੀ ਵਿੱਚ ਆਰਥਿਕ ਸ਼ੋਸ਼ਣ ਦਾ ਸ਼ਿਕਾਰ ਕੰਟਰੈਕਟ ਅਤੇ ਆਊਟ ਸੋਰਸ ਵਰਕਰਾਂ ਨੂੰ ਰੈਗੂਲਰ ਕਰਨ ਲਈ ਕੋਈ ਕਦਮ ਨਹੀਂ ਚੁੱਕਿਆ ਗਿਆ।