ਹਰਮੇਸ਼ ਪਾਲ ਨੀਲੇਵਾਲਾ
ਜ਼ੀਰਾ, 11 ਜੂਨ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੂਬਾ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਅੱਜ ਜ਼ੀਰਾ ਵਿੱਚ ਪੁੱਜੇ ਜਿਥੇ ਸ਼ੇਰਾਂ ਵਾਲਾ ਚੌਕ ਵਿੱਚ ਪਾਰਟੀ ਆਗੂਆਂ ਅਤੇ ਵਰਕਰਾਂ ਨੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ। ਉਨ੍ਹਾਂ ਨਾਲ ਉਨ੍ਹਾਂ ਦੀ ਪਤਨੀ ਅੰਮ੍ਰਿਤਾ ਵੜਿੰਗ, ਸਾਬਕਾ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ, ਜਨਰਲ ਸਕੱਤਰ ਪੰਜਾਬ ਸੰਦੀਪ ਸੰਧੂ, ਰਾਜਬੀਰ ਸਿੰਘ ਭੁੱਲਰ ਤੇ ਸੋਨੂ ਢੇਸੀ ਮੌਜੂਦ ਸਨ। ਸ੍ਰੀ ਵੜਿੰਗ ਨੇ ਕਿਹਾ ਕਿ ਕਾਂਗਰਸ ਪਾਰਟੀ ਸੂਬੇ ਦੀ ਸਭ ਤੋਂ ਵੱਡੀ ਪਾਰਟੀ ਵਜੋਂ ਉਭਰ ਕੇ ਸਾਹਮਣੇ ਆਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪੁਰਾਣੀ ਅਤੇ ਮਜ਼ਬੂਤ ਪਾਰਟੀ ਹੈ ਤੇ ਪੰਜਾਬ ਵਾਸੀਆਂ ਨੇ ਜੋ ਭਰੋਸਾ ਉਨ੍ਹਾਂ ’ਤੇ ਪ੍ਰਗਟਾਇਆ ਹੈ ਉਹ ਉਸ ’ਤੇ ਖਰਾ ਉਤਰਨਗੇ। ਉਨ੍ਹਾਂ ਕਿਹਾ ਕਿ ਵੱਡੇ-ਵੱਡੇ ਦਾਅਵੇ ਕਰਨ ਵਾਲੇ ਜਾਖੜ ਸਾਬ੍ਹ ਦੀ ਭਾਜਪਾ ਨੂੰ ਪੰਜਾਬ ਵਿੱਚ ਇੱਕ ਵੀ ਸੀਟ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਸੁਨੀਲ ਜਾਖੜ ਦਾ ਪਾਰਟੀ ਵਿਚੋਂ ਜਾਣਾ 100 ਫ਼ੀਸਦੀ ਚੰਗਾ ਰਿਹਾ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਨੂੰ ਪਠਾਨਕੋਟ ਤੱਕ ਲਿਜਾਣ ਦੀ ਗੱਲ ਕਰ ਰਹੇ ਸਨ ਪਰ ਉਹ ਬਠਿੰਡਾ ਤਕ ਸੀਮਤ ਹੋ ਕੇ ਰਹਿ ਗਏ। ਆਮ ਆਦਮੀ ਪਾਰਟੀ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ 13-0 ਦੀ ਗੱਲ ਕਰਦੀ ਸੀ ਪਰ 3 ਸੀਟਾਂ ’ਤੇ ਸਿਮਟ ਕੇ ਰਹਿ ਗਈ। ਰਾਜਾ ਵੜਿੰਗ ਨੇ ਪੁਲੀਸ ਵੱਲੋਂ ਸਾਬਕਾ ਵਿਧਾਇਕ ਅਤੇ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਕੁਲਬੀਰ ਜ਼ੀਰਾ ਖ਼ਿਲਾਫ਼ 307 ਦੀ ਧਾਰਾ ਤਹਿਤ ਕੇਸ ਦਰਜ ਕੀਤੇ ਜਾਣ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਕੁਲਬੀਰ ਸਿੰਘ ਜ਼ੀਰਾ ਖ਼ਿਲਾਫ਼ ਬਿਨਾਂ ਕਿਸੇ ਸਬੂਤ ਤੋਂ ਨਾਜਾਇਜ਼ ਪਰਚਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਪਰਚਾ ਜਲਦ ਰੱਦ ਨਾ ਕੀਤਾ ਗਿਆ ਤਾਂ ਕਾਂਗਰਸ ਪਾਰਟੀ ਵੱਲੋਂ ਵੱਡੇ ਪੱਧਰ ’ਤੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਜ਼ੀਰਾ ਦੇ ਇਕ ਪਿੰਡ ਵਿੱਚ ਜਮੀਨੀ ਕਬਜ਼ੇ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਤਕਰਾਰ ਹੋਈ ਸੀ ਅਤੇ ਇਸ ਮਾਮਲੇ ਵਿੱਚ ਜ਼ੀਰਾ ਪੁਲੀਸ ਵੱਲੋਂ ਕੁਲਬੀਰ ਜ਼ੀਰਾ ਦੇ ਚਾਚਾ ਅਤੇ ਉਨ੍ਹਾਂ ਦੇ ਪੁੱਤਰ ਸਮੇਤ ਕਈ ਹੋਰ ਸਾਥੀਆਂ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।
ਉਪਰੰਤ ਰਾਜਾ ਵੜਿੰਗ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੇ ਗ੍ਰਹਿ ਵਿਖੇ ਪੁੱਜੇ ਜਿੱਥੇ ਉਨ੍ਹਾਂ ਦਾ ਮਾਤਾ ਕੁਲਵੰਤ ਕੌਰ ਅਤੇ ਕੁਲਬੀਰ ਜ਼ੀਰਾ ਦੇ ਪਰਿਵਾਰ ਵੱਲੋਂ ਸਵਾਗਤ ਕੀਤਾ ਗਿਆ।
ਇਸ ਮੌਕੇ ਬਲਾਕ ਸ਼ਹਿਰੀ ਪ੍ਰਧਾਨ ਹਰੀਸ਼ ਕੁਮਾਰ ਤਾਂਗੜਾ, ਹਰੀਸ਼ ਜੈਨ ਗੋਗਾ, ਅਸ਼ੋਕ ਮਨਚੰਦਾ, ਸਰਪੰਚ ਜਨਕ ਰਾਜ ਸ਼ਰਮਾ, ਸਰਪੰਚ ਸਰਦੂਲ ਸਿੰਘ ਗਿੱਲ ਮਰਖਾਈ, ਦਰਸ਼ਨ ਸਿੰਘ ਨੌਰੰਗ ਸਿੰਘ ਵਾਲਾ, ਆਕਾਸ਼ ਸ਼ਰਮਾ, ਕੁਲਭੂਸ਼ਨ ਜੈਨ, ਐੱਮ.ਸੀ ਪਿਆਰਾ ਸਿੰਘ, ਵਿਵੇਕ ਚੌਧਰੀ, ਅਸ਼ਵਨੀ ਸੇਠੀ, ਤਰਲੋਕ ਸਿੰਘ ਕੌੜਾ, ਨਰੇਸ਼ ਜੈਨ, ਐੱਮਸੀ ਲੱਖਾ ਸਿੰਘ, ਅਮਿਤ ਖੁੱਲਰ, ਅਨਵਰ ਹੁਸੈਨ, ਅਮਰੀਕ ਸਿੰਘ ਵਧੌਣ ਆਦਿ ਹਾਜ਼ਰ ਸਨ।