ਮੁਕੰਦ ਸਿੰਘ ਚੀਮਾ
ਸੰਦੌੜ, 11 ਜੂਨ
ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਐਡਵੋਕੇਟ ਇਕਬਾਲ ਸਿੰਘ ਝੂੰਦਾਂ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿਚ ਪਾਰਟੀ ਦੀ ਹੋਈ ਹਾਰ ਦੀ ਸਮੀਖਿਆ ਹੋਣੀ ਚਾਹੀਦੀ ਹੈ ਅਤੇ ਜੋ ਵੀ ਕਮੀਆਂ ਚੋਣਾਂ ਵਿਚ ਰਹੀਆਂ ਹਨ ਉਨ੍ਹਾਂ ਨੂੰ ਦੂਰ ਕਰਨ ਲਈ ਪਾਰਟੀ ਨੂੰ ਸਖਤ ਫੈਸਲੇ ਲੈਣ ਦੀ ਲੋੜ ਹੈ।
ਚੋਣਾਂ ਤੋਂ ਬਾਅਦ ਹਲਕਾ ਮਾਲੇਰਕੋਟਲਾ ਦੇ ਅਕਾਲੀ ਆਗੂਆਂ ਨਾਲ ਮੀਟਿੰਗ ਕਰਨ ਪਹੁੰਚੇ ਇਕਬਾਲ ਸਿੰਘ ਝੂੰਦਾਂ ਨੇ ਪਾਰਟੀ ਆਗੂਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪਾਰਟੀ ਵਰਕਰਾਂ ਨੇ ਪਿੰਡਾਂ ਵਿਚ ਬਹੁਤ ਮਿਹਨਤ ਨਾਲ ਪਾਰਟੀ ਦਾ ਪ੍ਰਚਾਰ ਕੀਤਾ। ਪਾਰਟੀ ਦੀ ਹਾਰ ਦਾ ਅਸਲ ਪਤਾ ਲਗਾਉਣ ਅਤੇ ਪਾਰਟੀ ਪ੍ਰਤੀ ਲੋਕਾਂ ਦਾ ਮੁੜ ਵਿਸ਼ਵਾਸ ਜਿੱਤਣ ਲਈ ਪਾਰਟੀ ਨੂੰ ਇਕਜੁੱਟ ਹੋ ਕੇ ਸਖਤ ਅਤੇ ਠੋਸ ਫੈਸਲੇ ਲੈਣੇ ਪੈਣਗੇ।
ਉਨ੍ਹਾਂ ਕਿਹਾ ਕਿ ਪੰਥਕ ਧਿਰਾਂ ਨੂੰ ਆਪਸੀ ਮਤਭੇਦ ਭੁਲਾ ਕੇ ਤੇ ਇਕ ਪਲੇਟਫਾਰਮ ’ਤੇ ਇਕੱਠੇ ਹੋ ਕੇ ਪੰਜਾਬ ਦੀ ਲੜਾਈ ਲੜਨ ਦਾ ਸਮਾਂ ਆ ਗਿਆ ਹੈ ਕਿਉਂਕਿ ਦਿੱਲੀ ਤੋਂ ਚਲਦੀਆਂ ਪਾਰਟੀਆਂ ਕਦੇ ਵੀ ਪੰਜਾਬ ਦੇ ਹਿੱਤਾਂ ਨੂੰ ਸੁਰੱਖਿਅਤ ਨਹੀਂ ਰੱਖ ਸਕਦੀਆਂ। ਇਸ ਮੌਕੇ ਹੋਰ ਅਕਾਲੀ ਆਗੂਆਂ ਨੇ ਸ੍ਰੀ ਝੂੰਦਾਂ ਨੂੰ ਕਿਹਾ ਕਿ ਉਹ ਪਾਰਟੀ ਦੀ ਕੋਰ ਕਮੇਟੀ ਵਿਚ ਬੇਬਾਕੀ ਨਾਲ ਉਨ੍ਹਾਂ ਦੀ ਗੱਲ ਰੱਖਣ ਤੇ ਪਾਰਟੀ ਵਰਕਰਾਂ ਦੀਆਂ ਭਾਵਨਾਵਾਂ ਨੂੰ ਸੀਨੀਅਰ ਲੀਡਰਸ਼ਿਪ ਤੱਕ ਜ਼ਰੂਰ ਪਹੁੰਚਾਉਣ। ਇਸ ਮੌਕੇ ਹਲਕਾ ਇੰਚਾਰਜ ਜ਼ਾਹਿਦਾ ਸੁਲੇਮਾਨ, ਜਥੇਦਾਰ ਤਰਲੋਚਨ ਸਿੰਘ ਧਲੇਰ ਕਲਾਂ, ਸਰਕਲ ਪ੍ਰਧਾਨ ਮਨਦੀਪ ਸਿੰਘ ਮਾਣਕਵਾਲ, ਡਾ. ਸਤਾਰ ਮੁਹੰਮਦ ਚੱਕ, ਦਰਸ਼ਨ ਸਿੰਘ ਦਰਸ਼ੀ ਝਨੇਰ, ਡਾ. ਜਗਤਾਰ ਸਿੰਘ ਜੱਗੀ ਝਨੇਰ, ਵੈਦ ਨਰਿੰਦਰ ਸਿੰਘ ਦੁਲਮਾਂ, ਤਲਵੀਰ ਸਿੰਘ ਕਾਲਾ ਕੁਠਾਲਾ ਆਦਿ ਆਗੂ ਹਾਜ਼ਰ ਸਨ।