ਖੇਤਰੀ ਪ੍ਰਤੀਨਿਧ
ਲੁਧਿਆਣਾ, 11 ਜੂਨ
ਗ਼ਜ਼ਲ ਮੰਚ ਸਰੀ ਵੱਲੋਂ ਲੁਧਿਆਣਾ ਦੇ ਪਿੰਡ ਸਵੱਦੀ ਤੋਂ ਗਏ ਸ਼ਾਇਰ ਰਾਜਦੀਪ ਸਿੰਘ ਤੂਰ ਨਾਲ ਵਿਸ਼ੇਸ਼ ਮਿਲਣੀ ਕੀਤੀ ਗਈ। ਇਸ ਮੌਕੇ ਰਾਜਿੰਦਰ ਰਾਜ ਸਵੱਦੀ ਦਾ ਸਮੁੱਚਾ ਕਹਾਣੀ ਸਾਹਿਤ ‘ਜ਼ਿੰਦਗੀ ਵਿਕਦੀ ਨਹੀਂ’ ਵੀ ਲੋਕ ਅਰਪਣ ਕੀਤਾ ਗਿਆ। ਇਹ ਜਾਣਕਾਰੀ ਦਿੰਦਿਆਂ ਪੰਜਾਬੀ ਸਾਹਿਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਗਜ਼ਲ ਮੰਚ ਦੇ ਸਮਾਗਮ ਦੌਰਾਨ ਸਕੱਤਰ ਦਵਿੰਦਰ ਗੌਤਮ ਨੇ ਮੰਚ ਵੱਲੋਂ ਰਾਜਦੀਪ ਸਿੰਘ ਤੂਰ ਦਾ ਸਵਾਗਤ ਕੀਤਾ ਅਤੇ ਉਸ ਦੀ ਸਾਹਿਤ ਸਿਰਜਣਾ ਬਾਰੇ ਜਾਣਕਾਰੀ ਸਾਂਝੀ ਕੀਤੀ। ਰਾਜਦੀਪ ਤੂਰ ਨੇ ਆਪਣੇ ਸਵਰਗੀ ਰਾਜਿੰਦਰ ਰਾਜ ਸਵੱਦੀ ਦੇ ਕਹਾਣੀ ਸੰਗ੍ਰਹਿ ‘ਜ਼ਿੰਦਗੀ ਵਿਕਦੀ ਨਹੀਂ’ ਨੂੰ ਮੁੜ ਪ੍ਰਕਾਸ਼ਿਤ ਕਰਨ ਬਾਰੇ ਵੀ ਦੱਸਿਆ। ਇਹ ਕਿਤਾਬ ਗਜ਼ਲ ਮੰਚ ਦੇ ਮੈਂਬਰਾਂ ਵੱਲੋਂ ਸਾਂਝੇ ਤੌਰ ’ਤੇ ਲੋਕ ਅਰਪਣ ਕੀਤੀ ਗਈ। ਇਸ ਤੋਂ ਇਲਾਵਾ ਮੰਚ ਨੇ ਪ੍ਰਸਿੱਧ ਪੰਜਾਬੀ ਸ਼ਾਇਰ ਸੁਰਿੰਦਰਪ੍ਰੀਤ ਘਣੀਆ ਬਾਰੇ ਪ੍ਰਕਾਸ਼ਿਤ ਪੁਸਤਕ ‘ਸੁਰਿੰਦਰਪ੍ਰੀਤ ਘਣੀਆ ਦੀ ਗਜ਼ਲ ਚੇਤਨਾ’ ਵੀ ਰਿਲੀਜ਼ ਕੀਤੀ। ਇਸ ਮੌਕੇ ਗ਼ਜ਼ਲ ਮੰਚ ਦੇ ਪ੍ਰਧਾਨ ਜਸਵਿੰਦਰ, ਰਾਜਵੰਤ ਰਾਜ, ਗੁਰਮੀਤ ਸਿੱਧੂ ਅਤੇ ਬਿੰਦੂ ਮਠਾੜੂ ਮੌਜੂਦ ਸਨ।