ਜੰਮੂ, 12 ਜੂਨ
ਜੰਮੂ ਕਸ਼ਮੀਰ ਦੇ ਕਠੂਆ ਜ਼ਿਲ੍ਹੇ ਦੇ ਸਰਹੱਦੀ ਪਿੰਡ ’ਚ ਅਤਿਵਾਦੀਆਂ ਖ਼ਿਲਾਫ਼ ਕਾਰਵਾਈ ਦੌਰਾਨ ਸੀਆਰਪੀਐੱਫ ਦਾ ਜਵਾਨ ਕਬੀਰ ਦਾਸ (ਮੱਧ ਪ੍ਰਦੇਸ਼) ਸ਼ਹੀਦ ਹੋ ਗਿਆ ਜਦਕਿ ਸੁਰੱਖਿਆ ਬਲਾਂ ਨੇ ਕਰੀਬ 15 ਘੰਟਿਆਂ ਮਗਰੋਂ ਇਕ ਹੋਰ ਅਤਿਵਾਦੀ ਨੂੰ ਮਾਰ ਮੁਕਾਇਆ। ਇਕ ਅਤਿਵਾਦੀ ਮੰਗਲਵਾਰ ਨੂੰ ਮਾਰਿਆ ਗਿਆ ਸੀ। ਅਧਿਕਾਰੀਆਂ ਨੇ ਕਿਹਾ ਕਿ ਮੰਗਲਵਾਰ ਰਾਤ ਤੋਂ ਸੈਦਾ ਸੁਖਲ ਪਿੰਡ ’ਚ ਦੋ ਅਤਿਵਾਦੀਆਂ ਖ਼ਿਲਾਫ਼ ਸ਼ੁਰੂ ਹੋਏ ਅਪਰੇਸ਼ਨ ਦੌਰਾਨ ਦੋ ਸੀਨੀਅਰ ਅਧਿਕਾਰੀਆਂ ਦੇ ਵਾਹਨਾਂ ’ਤੇ ਵੀ ਗੋਲੀਆਂ ਲੱਗੀਆਂ ਪਰ ਉਹ ਵਾਲ ਵਾਲ ਬਚ ਗਏ। ਉਧਰ ਡੋਡਾ ਜ਼ਿਲ੍ਹੇ ’ਚ ਮੰਗਲਵਾਰ ਦੇਰ ਰਾਤ ਭੱਦਰਵਾਹ-ਪਠਾਨਕੋਟ ਸੜਕ ’ਤੇ ਚਤਰਗਲਾ ਦੇ ਉਪਰਲੇ ਇਲਾਕੇ ’ਚ ਅਤਿਵਾਦੀਆਂ ਨੇ ਇਕ ਸਾਂਝੀ ਚੌਕੀ ’ਤੇ ਹਮਲਾ ਕੀਤਾ ਜਿਸ ’ਚ ਰਾਸ਼ਟਰੀ ਰਾਈਫ਼ਲਜ਼ ਦੇ ਪੰਜ ਜਵਾਨ ਅਤੇ ਇਕ ਵਿਸ਼ੇਸ਼ ਪੁਲੀਸ ਅਧਿਕਾਰੀ (ਐੱਸਪੀਓ) ਜ਼ਖ਼ਮੀ ਹੋ ਗਏ। ਇਸ ਦੌਰਾਨ ਜੰਮੂ ਕਸ਼ਮੀਰ ਦੇ ਡੋਡਾ ਜ਼ਿਲ੍ਹੇ ਵਿਚ ਗੰਡੋਹ ਇਲਾਕੇ ਵਿਚ ਪੈਂਦੇ ਪਿੰੰਡ ’ਚ ਅੱਜ ਰਾਤੀਂ ਦਹਿਸ਼ਤਗਰਦਾਂ ਵੱਲੋਂ ਕੀਤੀ ਫਾਇਰਿੰਗ ਵਿਚ ਪੁਲੀਸ ਮੁਲਾਜ਼ਮ ਜ਼ਖ਼ਮੀ ਹੋ ਗਿਆ। ਅਧਿਕਾਰੀਆਂ ਨੇ ਕਿਹਾ ਕਿ ਰਾਤ ਪੌਣੇ ਅੱਠ ਵਜੇ ਦੇ ਕਰੀਬ ਭਾਲੇਸਾ ਦੇ ਕੋਟਾ ਟੋਪ ਇਲਾਕੇ ਵਿਚ ਗੋਲੀਬਾਰੀ ਦੀਆਂ ਰਿਪੋਰਟਾਂ ਹਨ, ਜਿਸ ਦਾ ਸਲਾਮਤੀ ਦਸਤਿਆਂ ਨੇ ਮੂੰਹ-ਤੋੜਵਾਂ ਜਵਾਬ ਦਿੱਤਾ। ਅਧਿਕਾਰੀ ਮੁਤਾਬਕ ਆਖਰੀ ਰਿਪੋਰਟਾਂ ਤੱਕ ਦੋਵਾਂ ਧਿਰਾਂ ’ਚ ਗੋਲੀਬਾਰੀ ਜਾਰੀ ਸੀ। ਪਿਛਲੇ 24 ਘੰਟਿਆਂ ਵਿਚ ਡੋਡਾ ਵਿਚ ਇਹ ਦੂਜਾ ਤੇ ਪਿਛਲੇ ਤਿੰਨ ਦਿਨਾਂ ਵਿਚ ਜੰਮੂ ਕਸ਼ਮੀਰ ਵਿਚ ਚੌਥਾ ਦਹਿਸ਼ਤੀ ਹਮਲਾ ਹੈ।
ਅਤਿਵਾਦੀਆਂ ਦੀ ਭਾਲ ਲਈ ਅਪਰੇਸ਼ਨ ਚਲਾਏ ਜਾਣ ਕਾਰਨ ਹਾਈਵੇਅ ’ਤੇ ਆਵਾਜਾਈ ਰੋਕ ਦਿੱਤੀ ਗਈ ਹੈ। ਐਤਵਾਰ ਨੂੰ ਰਿਆਸੀ ਦੇ ਸ਼ਿਵ ਖੋੜੀ ਮੰਦਰ ਤੋਂ ਸ਼ਰਧਾਲੂਆਂ ਨੂੰ ਕਟੜਾ ਲਿਜਾ ਰਹੀ ਬੱਸ ’ਤੇ ਹੋਏ ਹਮਲੇ ਮਗਰੋਂ ਸੁਰੱਖਿਆ ਪ੍ਰਬੰਧ ਸਖ਼ਤ ਕੀਤੇ ਜਾਣ ਦਰਮਿਆਨ ਇਹ ਦੋਵੇਂ ਘਟਨਾਵਾਂ ਵਾਪਰੀਆਂ ਹਨ। ਦੋ ਦਿਨ ਪਹਿਲਾਂ ਹੋਏ ਇਸ ਹਮਲੇ ’ਚ ਬੱਸ ਸੜਕ ਤੋਂ ਡੂੰਘੀ ਖੱਡ ’ਚ ਡਿੱਗ ਗਈ ਸੀ ਜਿਸ ’ਚ 9 ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ 41 ਹੋਰ ਜ਼ਖ਼ਮੀ ਹੋ ਗਏ ਸਨ। ਪੁਲੀਸ ਨੇ ਬੱਸ ’ਤੇ ਹਮਲੇ ’ਚ ਸ਼ਾਮਲ ਅਤਿਵਾਦੀਆਂ ਬਾਰੇ ਸੂਹ ਦੇਣ ਵਾਲੇ ਨੂੰ 20 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ ਅਤੇ ਇਕ ਅਤਿਵਾਦੀ ਦਾ ਸਕੈੱਚ ਵੀ ਜਾਰੀ ਕੀਤਾ ਹੈ। ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਜੰਮੂ ਕਸ਼ਮੀਰ ’ਚ ਸ਼ਾਂਤਮਈ ਮਾਹੌਲ ਵਿਗਾੜਨ ਦੀ ਪਾਕਿਸਤਾਨ ਦੀਆਂ ਕੋਸ਼ਿਸ਼ਾਂ ਕਾਰਨ ਹੀ ਜੰਮੂ ਖ਼ਿੱਤੇ ’ਚ ਅਤਿਵਾਦੀ ਸਰਗਰਮੀਆਂ ’ਚ ਤੇਜ਼ੀ ਆਈ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਕੌਮਾਂਤਰੀ ਸਰਹੱਦ ਨੇੜੇ ਕਠੂਆ ਦੇ ਸੈਦਾ ਸੁਖਲ ਪਿੰਡ ’ਚ ਬੁੱਧਵਾਰ ਦੁਪਹਿਰ ਪੁਲੀਸ, ਫ਼ੌਜ ਅਤੇ ਸੀਆਰਪੀਐੱਫ ਦੀ ਸਾਂਝੀ ਕਾਰਵਾਈ ’ਚ ਦੂਜੇ ਅਤਿਵਾਦੀ ਨੂੰ ਮਾਰ ਮੁਕਾਇਆ ਗਿਆ। ਉਨ੍ਹਾਂ ਕਿਹਾ ਕਿ ਤੜਕੇ 3 ਵਜੇ ਦੇ ਕਰੀਬ ਅਤਿਵਾਦੀਆਂ ਨੇ ਸੁਰੱਖਿਆ ਬਲਾਂ ’ਤੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਘੇਰਾ ਤੋੜਨ ਦੀ ਕੋਸ਼ਿਸ਼ ਕੀਤੀ ਸੀ। ਇਸ ਦੌਰਾਨ ਸੀਆਰਪੀਐੱਫ ਜਵਾਨ ਕਬੀਰ ਦਾਸ ਜ਼ਖ਼ਮੀ ਹੋ ਗਿਆ ਅਤੇ ਉਸ ਨੇ ਹਸਪਤਾਲ ’ਚ ਜ਼ਖ਼ਮਾਂ ਦੀ ਤਾਬ ਨਾ ਸਹਿੰਦਿਆਂ ਦਮ ਤੋੜ ਦਿੱਤਾ। ਕਾਰਵਾਈ ਦੌਰਾਨ ਜੰਮੂ-ਸਾਂਬਾ-ਕਠੂਆ ਰੇਂਜ ਦੇ ਡੀਆਈਜੀ ਸੁਨੀਲ ਗੁਪਤਾ ਅਤੇ ਕਠੂਆ ਦੇ ਐੱਸਐੱਸਪੀ ਅਨਾਇਤ ਅਲੀ ਚੌਧਰੀ ਦੇ ਵਾਹਨਾਂ ’ਤੇ ਵੀ ਕਈ ਗੋਲੀਆਂ ਲੱਗੀਆਂ ਪਰ ਉਹ ਵਾਲ ਵਾਲ ਬਚ ਗਏ। ਮੁਕਾਬਲਾ ਖ਼ਤਮ ਹੋਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਧੀਕ ਡੀਜੀਪੀ (ਜੰਮੂ ਜ਼ੋਨ) ਆਨੰਦ ਜੈਨ ਨੇ ਕਿਹਾ ਕਿ ਦੋਵੇਂ ਅਤਿਵਾਦੀ ਮਾਰੇ ਗਏ ਹਨ ਅਤੇ ਮੌਕੇ ਤੋਂ ਵੱਡੀ ਗਿਣਤੀ ਹਥਿਆਰ, ਧਮਾਕਾਖੇਜ਼ ਸਮੱਗਰੀ ਅਤੇ ਗਰਨੇਡ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ, ‘‘ਦੋਵੇਂ ਅਤਿਵਾਦੀ ਘੁਸਪੈਠ ਕਰਕੇ ਸਰਹੱਦ ਅੰਦਰ ਦਾਖ਼ਲ ਹੋਏ ਸਨ ਅਤੇ ਮੰਗਲਵਾਰ ਰਾਤ 8 ਵਜੇ ਨੇੜਲੇ ਪਿੰਡ ’ਚ ਦਿਖਾਈ ਦਿੱਤੇ ਅਤੇ ਉਨ੍ਹਾਂ ਇਕ ਘਰ ਤੋਂ ਪਾਣੀ ਮੰਗਿਆ ਸੀ। ਲੋਕ ਡਰ ਗਏ ਅਤੇ ਜਿਵੇਂ ਹੀ ਸੂਚਨਾ ਮਿਲੀ ਤਾਂ ਪੁਲੀਸ ਪਾਰਟੀ ਉਥੇ ਪੁੱਜੀ ਸੀ। ਇਕ ਅਤਿਵਾਦੀ ਨੇ ਪੁਲੀਸ ’ਤੇ ਗਰਨੇਡ ਸੁੱਟਣ ਦੀ ਕੋਸ਼ਿਸ਼ ਕੀਤੀ ਪਰ ਉਹ ਮੁਕਾਬਲੇ ’ਚ ਮਾਰ ਮੁਕਾਇਆ।’’ ਅਧਿਕਾਰੀਆਂ ਨੇ ਦੱਸਿਆ ਕਿ ਮਾਰੇ ਗਏ ਦੋਵੇਂ ਅਤਿਵਾਦੀ ਪਾਕਿਸਤਾਨੀ ਹਨ।
ਉਨ੍ਹਾਂ ਕਿਹਾ ਕਿ ਗੋਲੀਬਾਰੀ ’ਚ ਇਕ ਆਮ ਨਾਗਰਿਕ ਵੀ ਜ਼ਖ਼ਮੀ ਹੋਇਆ ਹੈ ਜਿਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। -ਪੀਟੀਆਈ
ਭਗਵੰਤ ਮਾਨ ਵੱਲੋਂ ਕਠੂਆ ਤੇ ਡੋਡਾ ਅਤਿਵਾਦੀ ਹਮਲਿਆਂ ਦੀ ਨਿਖੇਧੀ
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਮੁੱਖ ਮੰਤਰੀ ਭਗਵੰਤ ਮਾਨ ਨੇ ਜੰਮੂ-ਕਸ਼ਮੀਰ ਦੇ ਕਠੂਆ ਅਤੇ ਡੋਡਾ ਜ਼ਿਲ੍ਹਿਆਂ ਵਿੱਚ ਹੋਏ ਅਤਿਵਾਦੀ ਹਮਲਿਆਂ ਦੀ ਨਿੰਦਾ ਕੀਤੀ ਹੈ, ਜਿਸ ਵਿੱਚ ਸੀਆਰਪੀਐੱਫ ਦਾ ਇਕ ਜਵਾਨ ਸ਼ਹੀਦ ਅਤੇ ਦੋ ਹੋਰ ਗੰਭੀਰ ਜ਼ਖ਼ਮੀ ਹੋ ਗਏ ਸਨ। ਮੁੱਖ ਮੰਤਰੀ ਨੇ ਕਿਹਾ ਕਿ ਅਜਿਹੀਆਂ ਦੇਸ਼ ਵਿਰੋਧੀ ਸਰਗਰਮੀਆਂ ਦਾ ਮੂੰਹ-ਤੋੜਵਾਂ ਜਵਾਬ ਦਿੱਤਾ ਜਾਣਾ ਚਾਹੀਦਾ ਹੈ। ਦੇਸ਼ ਦੀ ਏਕਤਾ ਅਤੇ ਅਖੰਡਤਾ ’ਤੇ ਕੋਈ ਵੀ ਹਮਲਾ ਬਰਦਾਸ਼ਤਯੋਗ ਨਹੀਂ ਹੈ। ਉਨ੍ਹਾਂ ਕਿਹਾ ਕਿ ਅਜਿਹੇ ਕਿਸੇ ਵੀ ਹਮਲੇ ਨੂੰ ਨਾਕਾਮ ਕਰ ਕੇ ਅਤੇ ਆਪਣੀਆਂ ਸਰਹੱਦਾਂ ਦੀ ਰਾਖੀ ਕਰ ਕੇ ਦੇਸ਼ ਦੀ ਪ੍ਰਭੂਸੱਤਾ ਨੂੰ ਬਰਕਰਾਰ ਰੱਖਣਾ ਚਾਹੀਦਾ ਹੈ। ਸ੍ਰੀ ਮਾਨ ਨੇ ਕਿਹਾ ਕਿ ਇਨ੍ਹਾਂ ਹਮਲਿਆਂ ਦੇ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਇਹ ਭਵਿੱਖ ਵਿੱਚ ਦੂਜਿਆਂ ਲਈ ਸਬਕ ਬਣ ਸਕੇ। ਉਨ੍ਹਾਂ ਕਿਹਾ ਕਿ ਇਹ ਮੰਦਭਾਗਾ ਹੈ ਕਿ ਦੇਸ਼ ਦੀ ਏਕਤਾ, ਅਖੰਡਤਾ ਅਤੇ ਪ੍ਰਭੂਸੱਤਾ ਦੀ ਰਾਖੀ ਲਈ ਫ਼ਰਜ਼ ਨਿਭਾਉਂਦੇ ਹੋਏ ਇਕ ਜਵਾਨ ਦੀ ਸ਼ਹਾਦਤ ਹੋਈ। ਇਹ ਦੇਸ਼ ਲਈ ਅਤੇ ਖਾਸ ਕਰ ਕੇ ਪਰਿਵਾਰ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ।
ਪਿੰਡ ਵਾਸੀ ਦੀ ਚੌਕਸੀ ਨਾਲ ਹੋਇਆ ਬਚਾਅ
ਹੀਰਾਨਗਰ: ਕਠੂਆ ਦੇ ਸੈਦਾ ਸੁਖਲ ਪਿੰਡ ਦੇ ਇਕ ਵਿਅਕਤੀ ਵੱਲੋਂ ਸਮਾਂ ਰਹਿੰਦਿਆਂ ਲੋਕਾਂ ਨੂੰ ਅਤਿਵਾਦੀਆਂ ਬਾਰੇ ਚੌਕਸ ਕੀਤੇ ਜਾਣ ਕਾਰਨ ਵੱਡੀ ਘਟਨਾ ਤੋਂ ਬਚਾਅ ਹੋ ਗਿਆ ਅਤੇ ਪੁਲੀਸ ਨੂੰ ਅਤਿਵਾਦੀਆਂ ਦੀ ਮੌਜੂਦਗੀ ਬਾਰੇ ਜਾਣਕਾਰੀ ਮਿਲ ਗਈ। ਹਮਲੇ ਸਮੇਂ ਮੌਜੂਦ ਸੁਰਿੰਦਰ ਨੇ ਕਿਹਾ, ‘‘ਮੈਂ ਪਿੰਡ ’ਚ ਅਤਿਵਾਦੀਆਂ ਦੇ ਹੋਣ ਦੀ ਜਾਣਕਾਰੀ ਦੇ ਦਿੱਤੀ ਸੀ ਜਿਸ ਕਾਰਨ ਇਕ ਵੱਡਾ ਕਾਰਾ ਹੋਣ ਤੋਂ ਬਚਾਅ ਹੋ ਗਿਆ।’’ ਆਪਣੇ ਮੋਟਰਸਾਈਕਲ ਤੋਂ ਪਿੰਡ ਪਰਤ ਰਹੇ ਸੁਰਿੰਦਰ ਦਾ ਸਾਹਮਣਾ ਹਥਿਆਰਬੰਦ ਅਤਿਵਾਦੀਆਂ ਨਾਲ ਹੋਇਆ ਸੀ। ਅਤਿਵਾਦੀਆਂ ਨੇ ਸੁਰਿੰਦਰ ਤੋਂ ਪਾਣੀ ਮੰਗਿਆ ਜਿਸ ਮਗਰੋਂ ਉਸ ਨੂੰ ਉਨ੍ਹਾਂ ਦੇ ਵਿਹਾਰ ’ਤੇ ਸ਼ੱਕ ਹੋਇਆ। ਇਸ ਤੋਂ ਬਾਅਦ ਉਸ ਨੇ ਪਿੰਡ ਵਾਸੀਆਂ ਨੂੰ ਚੌਕਸ ਕਰ ਦਿੱਤਾ ਸੀ। -ਪੀਟੀਆਈ
ਅਤਿਵਾਦ ਦੇ ਖ਼ਾਤਮੇ ਲਈ ਪਾਕਿਸਤਾਨ ਨਾਲ ਗੱਲਬਾਤ ਹੀ ਇਕੋ ਰਾਹ: ਫਾਰੂਕ
ਸ੍ਰੀਨਗਰ: ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਨੇ ਕਿਹਾ ਹੈ ਕਿ ਜੰਮੂ ਕਸ਼ਮੀਰ ’ਚ ਅਤਿਵਾਦ ਉਦੋਂ ਤੱਕ ਖ਼ਤਮ ਨਹੀਂ ਹੋਵੇਗਾ ਜਦੋਂ ਤੱਕ ਪਾਕਿਸਤਾਨ ਨਾਲ ਗੱਲਬਾਤ ਸ਼ੁਰੂ ਨਹੀਂ ਹੁੰਦੀ ਹੈ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫਾਰੂਕ ਨੇ ਕਿਹਾ, ‘‘ਮੈਂ ਪਹਿਲਾਂ ਤੋਂ ਹੀ ਆਖਦਾ ਆ ਰਿਹਾ ਹਾਂ ਕਿ ਅਤਿਵਾਦ ਜਾਰੀ ਰਹੇਗਾ ਅਤੇ ਸਾਨੂੰ ਇਸ ਦਾ ਸਾਹਮਣਾ ਕਰਨਾ ਪਵੇਗਾ। ਬਦਕਿਸਮਤੀ ਹੈ ਕਿ ਬੇਕਸੂਰ ਲੋਕ ਮਾਰੇ ਜਾ ਰਹੇ ਹਨ। ਜੇ ਅਸੀਂ ਜਾਗੇ ਨਾ ਅਤੇ ਸਮੱਸਿਆ ਦਾ ਹੱਲ ਨਾ ਲੱਭਿਆ ਤਾਂ ਹੋਰ ਬੇਕਸੂਰ ਲੋਕਾਂ ਦੀਆਂ ਜਾਨਾਂ ਜਾਣਗੀਆਂ।’’ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਵੱਲੋਂ ਸਰਹੱਦੀ ਮਸਲਿਆਂ ਦੇ ਹੱਲ ’ਤੇ ਧਿਆਨ ਕੇਂਦਰਤ ਕਰਨ ਬਾਰੇ ਦਿੱਤੇ ਬਿਆਨ ਦਾ ਹਵਾਲਾ ਦਿੰਦਿਆਂ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਸਿਰਫ਼ ਵਾਰਤਾ ਹੀ ਇਕੋ ਇਕ ਰਾਹ ਹੈ ਜਿਸ ਨਾਲ ਮਸਲੇ ਦਾ ਹੱਲ ਕੱਢਿਆ ਜਾ ਸਕਦਾ ਹੈ। ਉਧਰ ਜੰਮੂ ਕਸ਼ਮੀਰ ਭਾਜਪਾ ਦੇ ਪ੍ਰਧਾਨ ਰਵਿੰਦਰ ਰੈਣਾ ਨੇ ਫਾਰੂਕ ਅਬਦੁੱਲਾ ਦੇ ਬਿਆਨ ਦੀ ਨਿੰਦਾ ਕਰਦਿਆਂ ਕਿਹਾ ਕਿ ਪਾਕਿਸਤਾਨ ਨੂੰ ਉਸੇ ਭਾਸ਼ਾ ’ਚ ਜਵਾਬ ਦਿੱਤਾ ਜਾਵੇਗਾ, ਜੋ ਉਹ ਸਮਝਦਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੇ ਜੰਮੂ ਕਸ਼ਮੀਰ ਨੂੰ ਅਤਿਵਾਦ ਰਾਹੀ ਤਬਾਹ ਕਰ ਦਿੱਤਾ ਹੈ ਤਾਂ ਫਿਰ ਉਸ ਨਾਲ ਗੱਲਬਾਤ ਦੀ ਕੋਈ ਤੁੱਕ ਨਹੀਂ ਬਣਦੀ ਹੈ। -ਪੀਟੀਆਈ
ਕਾਂਗਰਸ ਨੇ ਦਹਿਸ਼ਤੀ ਹਮਲਿਆਂ ’ਤੇ ਮੋਦੀ ਦੀ ਚੁੱਪ ’ਤੇ ਸਵਾਲ ਉਠਾਏ
ਨਵੀਂ ਦਿੱਲੀ: ਕਾਂਗਰਸ ਨੇ ਕਿਹਾ ਕਿ ਜੰਮੂ ਕਸ਼ਮੀਰ ’ਚ ਪਿਛਲੇ ਤਿੰਨ ਦਿਨਾਂ ਤੋੋਂ ਹੋ ਰਹੇ ਦਹਿਸ਼ਤੀ ਹਮਲਿਆਂ ਨਾਲ ਭਾਜਪਾ ਦੇ ਵਾਦੀ ’ਚ ਸ਼ਾਂਤੀ ਪਰਤਣ ਦੇ ਦਾਅਵੇ ਖੋਖਲੇ ਸਾਬਿਤ ਹੋ ਗਏ ਹਨ। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਦੇਸ਼ ਜਵਾਬ ਮੰਗ ਰਿਹਾ ਹੈ ਕਿ ਜਿਹੜੇ ਮੁਲਕ ਖ਼ਿਲਾਫ਼ ਸਾਜ਼ਿਸ਼ਾਂ ਘੜ ਰਹੇ ਹਨ, ਉਨ੍ਹਾਂ ਨੂੰ ਭਾਜਪਾ ਰਾਜ ’ਚ ਕਿਉਂ ਨਹੀਂ ਫੜਿਆ ਜਾ ਰਿਹਾ ਹੈ। ਉਨ੍ਹਾਂ ‘ਐਕਸ’ ’ਤੇ ਕਿਹਾ, ‘‘ਨਰਿੰਦਰ ਮੋਦੀ ਧੰਨਵਾਦੀ ਸੁਨੇਹਿਆਂ ਦੇ ਜਵਾਬ ਦੇਣ ’ਚ ਰੁੱਝੇ ਹੋਏ ਹਨ ਅਤੇ ਉਨ੍ਹਾਂ ਨੂੰ ਜੰਮੂ ਕਸ਼ਮੀਰ ’ਚ ਮਾਰੇ ਗਏ ਸ਼ਰਧਾਲੂਆਂ ਦੇ ਪਰਿਵਾਰਾਂ ਦਾ ਦੁੱਖ ਸੁਣਾਈ ਨਹੀਂ ਦੇ ਰਿਹਾ ਹੈ।’’ ਰਾਹੁਲ ਨੇ ਕਿਹਾ ਕਿ ਪਿਛਲੇ ਤਿੰਨ ਦਿਨਾਂ ’ਚ ਰਿਆਸੀ, ਕਠੂਆ ਅਤੇ ਡੋਡਾ ’ਚ ਦਹਿਸ਼ਤੀ ਹਮਲੇ ਹੋ ਚੁੱਕੇ ਹਨ ਪਰ ਪ੍ਰਧਾਨ ਮੰਤਰੀ ਅਜੇ ਵੀ ਜਸ਼ਨ ਹੀ ਮਨਾ ਰਹੇ ਹਨ। ਇਕ ਹੋਰ ਕਾਂਗਰਸ ਆਗੂ ਅਤੇ ਮੀਡੀਆ ਤੇ ਪ੍ਰਚਾਰ ਵਿਭਾਗ ਦੇ ਮੁਖੀ ਪਵਨ ਖੇੜਾ ਨੇ ਵੀ ਮੋਦੀ ਦੀ ਚੁੱਪ ’ਤੇ ਸਵਾਲ ਖੜ੍ਹੇ ਕਰਦਿਆਂ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਪਾਕਿਸਤਾਨੀ ਆਗੂਆਂ ਨੂੰ ਜਵਾਬ ਦੇਣ ਦਾ ਸਮਾਂ ਹੈ ਪਰ ਦਹਿਸ਼ਤੀ ਹਮਲਿਆਂ ਦੀ ਨਿਖੇਧੀ ਕਰਨ ਦਾ ਸਮਾਂ ਨਹੀਂ ਹੈ। ਉਧਰ ਸ੍ਰੀਨਗਰ ’ਚ ਪ੍ਰੈੱਸ ਕਾਨਫਰੰਸ ਦੌਰਾਨ ਜੰਮੂ ਕਸ਼ਮੀਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਵਿਕਾਰ ਰਸੂਲ ਵਾਨੀ ਨੇ ਹਮਲਿਆਂ ਦੀ ਨਿਖੇਧੀ ਕਰਦਿਆਂ ਭਾਜਪਾ ਵੱਲੋਂ ਵਾਦੀ ’ਚ ਹਾਲਾਤ ਸੁਖਾਵੇਂ ਹੋਣ ਦੇ ਕੀਤੇ ਗਏ ਦਾਅਵਿਆਂ ’ਤੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਕਿਹਾ ਕਿ ਭਾਜਪਾ ਨੇ ਜੰਮੂ ਕਸ਼ਮੀਰ ’ਚ ਹਾਲਾਤ ਸ਼ਾਂਤ ਹੋਣ ਦੇ ਨਾਮ ’ਤੇ ਵੋਟਾਂ ਵੀ ਮੰਗੀਆਂ ਸਨ ਪਰ ਹੁਣ ਉਹ ਤਾਜ਼ਾ ਹਮਲਿਆਂ ਮਗਰੋਂ ਖਾਮੋਸ਼ ਹੋ ਗਈ ਹੈ। -ਪੀਟੀਆਈ