ਪ੍ਰਮੋਦ ਕੁਮਾਰ ਸਿੰਗਲਾ
ਸ਼ਹਿਣਾ, 12 ਜੂਨ
ਇਥੇ ਬੱਸ ਸਟੈਂਡ ਦੇ ਨਜ਼ਦੀਕ ਵਿਧਾਤਾ ਲਿੰਕ ਰੋਡ ’ਤੇ ਟਿਊਬਵੈੱਲ ਕਾਰਪੋਰੇਸ਼ਨ ਦੇ ਪੱਕੇ ਖਾਲ ਵਿੱਚ ਲੰਮੇ ਸਮੇਂ ਤੋਂ ਘਰਾਂ ਦਾ ਗੰਦਾ ਪਾਣੀ ਪੈਣ ਕਾਰਨ ਕਿਸਾਨ ਨਿਰਾਸ਼ ਹਨ ਪਰ ਵਿਭਾਗ ਦੇ ਕਿਸੇ ਵੀ ਅਧਿਕਾਰੀ ਨੇ ਪਿਛਲੇ ਕਰੀਬ ਦਸ ਸਾਲਾਂ ਤੋਂ ਕਿਸਾਨਾਂ ਦੀ ਇਸ ਸਮੱਸਿਆਂ ਨੂੰ ਦੂਰ ਕਰਨ ਦੀ ਜ਼ਰੂਰਤ ਨਹੀਂ ਸਮਝੀ। ਅੱਜ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਵਿਭਾਗ ਦੇ ਅਧਿਕਾਰੀਆਂ ਖਿਲਾਫ਼ ਰੋਸ ਪ੍ਰਗਟ ਕੀਤਾ ਹੈ। ਇਸ ਮੌਕੇ ਮਲਕੀਤ ਸਿੰਘ ਪ੍ਰਧਾਨ, ਸਾਧੂ ਸਿੰਘ, ਪਿਆਰਾ ਸਿੰਘ, ਬਲਦੇਵ ਸਿੰਘ, ਭੋਲ਼ਾ ਸਿੰਘ ਖਹਿਰਾ, ਜਗਜੀਤ ਸਿੰਘ, ਗੁਰਸੇਵਕ ਸਿੰਘ, ਰਾਜੂ ਖਹਿਰਾ, ਲਛਮਣ ਸਿੰਘ, ਗੁਰਦੀਪ ਸਿੰਘ, ਕੇਵਲ ਸਿੰਘ, ਗੁਰਜੰਟ ਸਿੰਘ, ਜੀਤ ਸਿੰਘ, ਕੁਲਦੀਪ ਸਿੰਘ, ਸੁਖਜਿੰਦਰ ਸਿੰਘ ਤੋਂ ਇਲਾਵਾ ਦੋ ਦਰਜ਼ਨ ਦੇ ਕਰੀਬ ਮੌਜੂਦ ਕਿਸਾਨਾਂ ਨੇ ਦੱਸਿਆ ਕਿ ਇਹ ਮੋਘਾ ਨੰਬਰ 30/300 ਰਜਵਾਹਾ ਢਪਾਲੀ ਮੇਨ ਸੂਏ ਦੇ ਖੱਬੇ ਪਾਸੇ ਹੈ। ਇਹ ਖਾਲ ਮੱਲੇਵਾਲ ਖਾਲ ਵਜੋਂ ਜਾਣਿਆ ਜਾਂਦਾ ਹੈ। ਇਸ ਦੀ ਵਿਭਾਗ ਨੇ ਕਦੇ ਵੀ ਸਫ਼ਾਈ ਵੱਲ ਕੋਈ ਧਿਆਨ ਨਹੀਂ ਦਿੱਤਾ। ਕਿਸਾਨਾਂ ਨੇ ਦੱਸਿਆ ਕਿ ਇਸ ਖਾਲ ਵਿੱਚ ਫਲੱਸ਼ਾਂ ਦਾ ਗੰਦਾ ਪਾਣੀ ਆਉਂਦਾ ਹੈ। ਉਨ੍ਹਾਂ ਕਿਹਾ ਕਿ ਇਹ ਪਾਣੀ ਖੇਤਾਂ ਵਿੱਚ ਸਬਜ਼ੀਆਂ ਨੂੰ ਲਾਉਣ ਕਾਰਨ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਹੈ। ਉਨ੍ਹਾਂ ਦੱਸਿਆ ਕਿ ਸਾਲ 2014 ਅਤੇ 2017 ਵਿੱਚ ਉਹ ਇਸ ਸਬੰਧੀ ਐਕਸੀਅਨ ਟਿਊਬਵੈੱਲ ਕਾਰਪੋਰੇਸ਼ਨ ਸਬ-ਡਿਵੀਜ਼ਨ ਰਾਮਪੁਰਾ ਫੂਲ, ਬਲਾਕ ਵਿਕਾਸ ਦਫ਼ਤਰ ਸ਼ਹਿਣਾ ਅਤੇ ਗ੍ਰਾਮ ਪੰਚਾਇਤ ਸ਼ਹਿਣਾ ਨੂੰ ਲਿਖਤੀ ਰੂਪ ਵਿੱਚ ਚਿੱਠੀਆਂ ਦੇ ਚੁੱਕੇ ਹਨ ਪ੍ਰੰਤੂ ਕਿਸੇ ਵੀ ਵਿਭਾਗ ਦੇ ਅਧਿਕਾਰੀਆਂ ਨੇ ਕਿਸਾਨਾਂ ਦੀ ਇਸ ਮੁਸ਼ਕਲ ਦਾ ਹੱਲ ਨਹੀਂ ਕੀਤਾ। ਉਨ੍ਹਾਂ ਮਸਲੇ ਦਾ ਹੱਲ ਨਾ ਹੋਣ ’ਤੇ ਸੰਘਰਸ਼ ਦੀ ਚਿਤਾਵਨੀ ਦਿੱਤੀ ਹੈ।