ਦਲਬੀਰ ਸੱਖੋਵਾਲੀਆ
ਬਟਾਲਾ, 12 ਜੂਨ
ਸਟੇਟ ਸਪੈਸ਼ਲ ਅਪਰੇਸ਼ਨ ਸੈੱਲ ਵੱਲੋਂ ਪਿੰਡ ਗ੍ਰੰਥਗੜ੍ਹ ਦੇ ਮੌਜੂਦਾ ਸਰਪੰਚ ਸਣੇ ਇੱਕ ਹੋਰ ਨੂੰ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾ ਕੋਲੋਂ 100 ਗ੍ਰਾਮ ਹੈਰੋਇਨ ਅਤੇ 4 ਲੱਖ 81 ਹਜ਼ਾਰ ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ ਹੈ। ਸੈੱਲ ਦੇ ਇੰਸਪੈਕਟਰ ਅਮਨਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਦਾ ਇੱਕ ਸਾਥੀ ਜਸਕਰਨ ਸਿੰਘ, ਜੋ ਪਿੰਡ ਗ੍ਰੰਥਗੜ੍ਰ ਤੋਂ ਹੀ ਹੈ, ਉਹ ਲੰਘੇ ਸਾਲ ਨਸ਼ਾ ਵੇਚਣ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਗਿਆ ਸੀ, ਜੋ ਗੋਇੰਦਵਾਲ ਜੇਲ੍ਹ ਵਿੱਚ ਬੰਦ ਹੈ। ਉਸ ਦੀਆਂ ਹਦਾਇਤਾਂ ’ਤੇ ਇਹ ਅੱਗੋਂ ਨਸ਼ਾ ਵੇਚਦੇ ਸਨ। ਉਨ੍ਹਾਂ ਦੱਸਿਆ ਕਿ ਖੂਫੀਆ ਜਾਣਕਾਰੀ ਮਿਲਣ ’ਤੇ ਬਟਾਲਾ ਤੋਂ ਥੋੜ੍ਹੀ ਦੂਰ ਪਿੰਡ ਸ਼ਾਹਬਾਦ ਕੋਲ ਗੁਰਸੇਵਕ ਸਿੰਘ ਅਤੇ ਲਵਜੀਤ ਸਿੰਘ, ਜੋ ਪਿੰਡ ਦਾ ਮੌਜੂਦਾ ਸਰਪੰਚ ਹੈ, ਦੀ ਐਕਟਿਵਾ ਰੋਕ ਕੇ ਤਲਾਸ਼ੀ ਲਈ ਗਈ ਤਾਂ ਇਨ੍ਹਾਂ ਕੋਲੋਂ ਸੌ ਗ੍ਰਾਮ ਹੈਰੋਇਨ ਅਤੇ 4 ਲੱਖ 81 ਹਜ਼ਾਰ ਰੁਪਏ ਬਰਾਮਦ ਕੀਤੇ ਗਏ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ’ਚ ਹੋਰ ਫਰਾਰ ਮੁਲਜ਼ਮ ਅਰਸ਼ਦੀਪ ਸਿੰਘ ਪਿੰਡ ਗ੍ਰੰਥਗੜ, ਹਰਜਾਪ ਪੁਰਾਣਾ ਪਿੰਡ, ਗੋਪੀ ਪਿੰਡ ਸਲਾਹਪੁਰ, ਸਾਰੇ ਜੇਲ੍ਹ ’ਚ ਬੰਦ ਜਸਕਰਨ ਸਿੰਘ ਦੇ ਸੰਪਰਕ ਵਿੱਚ ਹਨ। ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਨੂੰ ਅੱਜ ਬਟਾਲਾ ਦੀ ਅਦਾਲਤ ’ਚ ਪੇਸ਼ ਕੀਤਾ ਗਿਆ। ਪੁਲੀਸ ਅਧਿਕਾਰੀ ਨੇ ਫਰਾਰ ਮੁਲਜ਼ਮਾਂ ਨੂੰ ਜਲਦ ਕਾਬੂ ਕਰਨ ਦੀ ਗੱਲ ਆਖੀ। ਦੱਸਣਯੋਗ ਹੈ ਕਿ ਲਵਜੀਤ ਸਿੰਘ ਕਾਂਗਰਸ ਦਾ ਮੌਜੂਦਾ ਸਰਪੰਚ ਹੈ।