ਨਵੀਂ ਦਿੱਲੀ, 12 ਜੂਨ
ਅਠਾਰ੍ਹਵੀਂ ਲੋਕ ਸਭਾ ਦਾ ਪਹਿਲਾ ਇਜਲਾਸ 24 ਜੂਨ ਤੋਂ ਸ਼ੁਰੂ ਹੋਵੇਗਾ। ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰੇਨ ਰਿਜਿਜੂ ਨੇ ਅੱਜ ਦੱਸਿਆ ਕਿ ਇਜਲਾਸ ਦੌਰਾਨ ਨਵੇਂ ਮੈਂਬਰ ਹਲਫ਼ ਲੈਣਗੇ ਅਤੇ ਸਪੀਕਰ ਦੀ ਚੋਣ ਕੀਤੀ ਜਾਵੇਗੀ। ਰਾਸ਼ਟਰਪਤੀ ਦਰੋਪਦੀ ਮੁਰਮੂ 27 ਜੂਨ ਨੂੰ ਲੋਕ ਸਭਾ ਅਤੇ ਰਾਜ ਸਭਾ ਦੀ ਸਾਂਝੀ ਬੈਠਕ ਨੂੰ ਸੰਬੋਧਨ ਕਰਨਗੇ ਜਿਸ ’ਚ ਉਹ ਨਵੀਂ ਸਰਕਾਰ ਦੇ ਅਗਲੇ ਪੰਜ ਸਾਲ ਦਾ ਖਾਕਾ ਵੀ ਪੇਸ਼ ਕਰ ਸਕਦੇ ਹਨ। ਇਜਲਾਸ 3 ਜੁਲਾਈ ਨੂੰ ਸਮਾਪਤ ਹੋਵੇਗਾ।
ਇਜਲਾਸ ਦੇ ਪਹਿਲੇ ਤਿੰਨ ਦਿਨ ਨਵੇਂ ਚੁਣੇ ਗਏ ਆਗੂ ਹਲਫ਼ ਲੈਣਗੇ ਅਤੇ ਸਪੀਕਰ ਦੀ ਚੋਣ ਹੋਵੇਗੀ। ਸੰਸਦ ਦੇ ਦੋਵੇਂ ਸਦਨਾਂ ਦੀ ਜੁਲਾਈ ਦੇ ਤੀਜੇ ਹਫ਼ਤੇ ’ਚ ਮੁੜ ਬੈਠਕ ਸੱਦੇ ਜਾਣ ਦੀ ਸੰਭਾਵਨਾ ਹੈ ਜਿਸ ’ਚ ਕੇਂਦਰੀ ਬਜਟ ਪੇਸ਼ ਕੀਤਾ ਜਾ ਸਕਦਾ ਹੈ। ਨਿਰਮਲਾ ਸੀਤਾਰਾਮਨ ਲਗਾਤਾਰ ਸੱਤ ਵਾਰ ਬਜਟ ਪੇਸ਼ ਕਰਨ ਵਾਲੇ ਪਹਿਲੇ ਵਿੱਤ ਮੰਤਰੀ ਬਣ ਜਾਣਗੇ। ਉਹ ਮੋਰਾਰਜੀ ਦੇਸਾਈ ਦੇ ਛੇ ਬਜਟ ਪੇਸ਼ ਕਰਨ ਦੇ ਰਿਕਾਰਡ ਨੂੰ ਤੋੜ ਦੇਣਗੇ। ਸੰਸਦੀ ਮਾਮਲਿਆਂ ਬਾਰੇ ਮੰਤਰੀ ਰਿਜਿਜੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 27 ਜੂਨ ਨੂੰ ਆਪਣੇ ਮੰਤਰੀ ਮੰਡਲ ਦੇ ਸਾਥੀਆਂ ਦੀ ਸਦਨ ਦੇ ਮੈਂਬਰਾਂ ਨਾਲ ਜਾਣ-ਪਛਾਣ ਕਰਾਉਣਗੇ। ਰਾਸ਼ਟਰਪਤੀ ਦੇ ਭਾਸ਼ਣ ’ਤੇ ਧੰਨਵਾਦ ਮਤੇ ਉਪਰ ਬਹਿਸ ’ਚ ਵਿਰੋਧੀ ਧਿਰ ਦੇ ਤਿੱਖੇ ਤੇਵਰ ਦੇਖਣ ਨੂੰ ਮਿਲ ਸਕਦੇ ਹਨ ਕਿਉਂਕਿ ਇਸ ਵਾਰ 543 ਮੈਂਬਰੀ ਸਦਨ ’ਚ ਉਨ੍ਹਾਂ ਦੇ ਮੈਂਬਰਾਂ ਦੀ ਗਿਣਤੀ ਪਹਿਲਾਂ ਨਾਲੋਂ ਵੱਧ ਹੈ। ਰਿਜਿਜੂ ਨੇ ਸਾਰੀਆਂ ਪਾਰਟੀਆਂ ਨੂੰ ਅਪੀਲ ਕੀਤੀ ਹੈ ਕਿ ਇਜਲਾਸ ਦੌਰਾਨ ਉਸਾਰੂ ਬਹਿਸ ਹੋਵੇ ਕਿਉਂਕਿ ਮੁਲਕ ਸਦਨ ’ਚ ਵਧੀਆ ਬਹਿਸ ਦੇਖਣਾ ਚਾਹੁੰਦਾ ਹੈ। -ਪੀਟੀਆਈ