ਜਤਿੰਦਰ ਬੈਂਸ
ਗੁਰਦਾਸਪੁਰ, 12 ਜੂਨ
ਕਿਸਾਨਾਂ ਤੇ ਮਜ਼ਦੂਰਾਂ ਨੇ ਆਪਣੀਆਂ ਮੰਗਾਂ ਸਬੰਧੀ ਰੋਸ ਪ੍ਰਦਰਸ਼ਨ ਕਰਨ ਉਪਰੰਤ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ ਅਤੇ ਕਾਰਵਾਈ ਦੀ ਮੰਗ ਕੀਤੀ ਹੈ। ਸੰਯੁਕਤ ਕਿਸਾਨ ਮੋਰਚੇ ਵੱਲੋਂ ਪੰਜਾਬ ਕਿਸਾਨ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਡਕੌਂਦਾ, ਜਮਹੂਰੀ ਕਿਸਾਨ ਸਭਾ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਆਗੂਆਂ ਸੁਖਦੇਵ ਸਿੰਘ ਭਾਗੋਕਾਵਾਂ, ਗੁਰਵਿੰਦਰ ਸਿੰਘ, ਗੁਰਦੀਪ ਸਿੰਘ ਮੁਸਤਫ਼ਾ ਬਾਦ, ਲਖਬੀਰ ਸਿੰਘ ਹਰਪੁਰਾ, ਮੱਖਣ ਸਿੰਘ ਕੁਹਾੜ ਅਤੇ ਮਜ਼ਦੂਰ ਆਗੂ ਗੁਰਮੀਤ ਸਿੰਘ ਬੱਖਤਪੁਰਾ ਦੀ ਅਗਵਾਈ ਵਿੱਚ ਵਫਦ ਡਿਪਟੀ ਕਮਿਸ਼ਨਰ ਨੂੰ ਮਿਲਿਆ। ਉਨ੍ਹਾਂ ਮੰਗ ਕੀਤੀ ਕਿ ਐੱਸਡੀਐੱਮ ਡੇਰਾ ਬਾਬਾ ਨਾਨਕ ਨੂੰ ਹਦਾਇਤ ਕੀਤੀ ਜਾਵੇ ਕਿ ਪਿੰਡ ਖੰਨਾ ਚਮਾਰਾਂ ਅਤੇ ਰਾਮਦੀਵਾਲੀ ਦੇ ਐੱਸਜੀਪੀਸੀ ਦੇ ਮੁਜ਼ਾਰਿਆਂ ਦਾ ਠੇਕਾ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਾਉਣ ਦੇ ਹੁਕਮ ਜਾਰੀ ਕੀਤੇ ਜਾਣ। ਆਗੂਆਂ ਨੇ ਦੋਸ਼ ਲਾਏ ਕਿ ਬੀਤੇ ਪੰਜ ਸਾਲਾਂ ਤੋਂ ਠੇਕਾ ਜਮ੍ਹਾਂ ਕਰਵਾਉਣ ਲਈ ਅਰਜ਼ੀਆਂ ਦੇ ਰੱਖੀਆ ਹਨ, ਦਰਜਨ ਤੋਂ ਵਧੇਰੇ ਐੱਸਡੀਐੱਮ ਬਦਲ ਕੇ ਜਾਂ ਚੁੱਕੇ ਹਨ ਪਰ ਕਿਸੇ ਨੇ ਸਿਆਸੀ ਦਬਾਅ ਹੇਠ ਠੇਕੇ ਜਮ੍ਹਾਂ ਕਰਵਾਉਣ ਉਪਰ ਸਹੀ ਨਹੀਂ ਮਾਰੀ। ਉਨ੍ਹਾਂ ਕਿਹਾ ਕਿ ਮਸਲੇ ਨੂੰ ਬੇਲੋੜਾ ਕਾਨੂੰਨੀ ਉਲਝਣਾਂ ਵਿੱਚ ਉਲਝਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਮਾਲਕ ਠੇਕਾ ਲੈਣ ਤੋਂ ਇਨਕਾਰੀ ਹੈ ਤਾਂ ਮੁਜ਼ਾਰੇ ਸਰਕਾਰੀ ਖਜ਼ਾਨੇ ਵਿੱਚ ਠੇਕਾ ਜਮ੍ਹਾਂ ਕਰਵਾਉਣ ਦਾ ਹੱਕ ਰੱਖਦੇ ਹਨ।
ਦੂਸਰਾ ਮੰਗ ਪੱਤਰ ਜੰਮੂ ਕੱਟੜਾ ਐਕਸਪ੍ਰੈੱਸ ਹਾਈਵੇਅ ਦੇ ਪਿੰਡ ਮਾੜੇ, ਬੱਖਤਪੁਰ, ਸਹਾਏਪੁਰ ਅਤੇ ਅਲਾਵਲਪੁਰ ਜ਼ਮੀਨ ਦੇ ਮੁਆਵਜ਼ੇ ਨਾਲ ਸਬੰਧਤ ਸੀ ਦਿੱਤਾ ਗਿਆ। ਕਿਸਾਨਾਂ ਦਾ ਇਤਰਾਜ਼ ਸੀ ਕਿ ਬਾਕੀ ਪਿੰਡਾਂ ਦੀ ਜ਼ਮੀਨ ਦਾ ਰੇਟ 60 ਲੱਖ ਰੁਪਏ ਪ੍ਰਤੀ ਏਕੜ ਦਿੱਤਾ ਜਾ ਰਿਹਾ ਹੈ, ਜਦੋਂਕਿ ਇਨ੍ਹਾਂ ਪਿੰਡਾਂ ਨੂੰ 48 ਲੱਖ ਏਕੜ ਨਾਲ ਮੁੱਲ ਦੇ ਕੇ ਵਿਤਕਰਾ ਕੀਤਾ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਦੋਨੋਂ ਮਸਲੇ ਜਲਦੀ ਹੱਲ ਕਰਨ ਦਾ ਵਿਸ਼ਵਾਸ ਦਿਵਾਇਆ ਹੈ। ਇਸ ਸਮੇਂ ਕਪੂਰ ਸਿੰਘ ਘੁੰਮਣ, ਬਲਬੀਰ ਸਿੰਘ ਉਚਾਧਕਾਲਾ, ਮਲਕੀਅਤ ਸਿੰਘ ਬੁਢੇਕੋਟ, ਗੁਰਮੀਤ ਸਿੰਘ ਥਾਣੇਵਾਲ ਅਤੇ ਪਲਵਿੰਦਰ ਸਿੰਘ ਬਿਲਾ ਹਾਜ਼ਰ ਸਨ।