ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 12 ਜੂਨ
ਪੰਜਾਬ ਦੇ ਸਭ ਤੋਂ ਮਹਿੰਗੇ ਲਾਡੋਵਾਲ ਟੌਲ ਪਲਾਜ਼ਾ ਦੀਆਂ ਪਿਛਲੇ ਹਫ਼ਤੇ ਵਧੀਆਂ ਟੌਲ ਕੀਮਤਾਂ ਦਾ ਵਿਰੋਧ ਸ਼ੁਰੂ ਹੋ ਗਿਆ ਹੈ। ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਅਹੁਦੇਦਾਰਾਂ ਨੇ ਐਲਾਨ ਕੀਤਾ ਕਿ ਜੇਕਰ ਸ਼ਨਿਚਰਵਾਰ ਤੱਕ ਇਸ ਟੌਲ ਪਲਾਜ਼ਾ ਦੇ ਭਾਅ ’ਚ ਕਟੌਤੀ ਨਾ ਕੀਤੀ ਗਈ ਤਾਂ ਐਤਵਾਰ ਨੂੰ ਪੰਜਾਬ ਦੇ ਇਸ ਮਹਿੰਗੇ ਟੌਲ ਪਲਾਜ਼ਾ ਨੂੰ ਲੋਕਾਂ ਲਈ ਬਿਲਕੁਲ ਮੁਫ਼ਤ ਕਰ ਦਿੱਤਾ ਜਾਵੇਗਾ। ਟੌਲ ਪਲਾਜ਼ਾ ਕੰਪਨੀ ਇਸ ਦੀਆਂ ਕੀਮਤਾਂ ਦੀ ਸਮੀਖਿਆ ਕਰੇ ਜਾਂ ਫਿਰ ਉਹ ਕੀਮਤ ਤੈਅ ਕਰੇ, ਜਿਸ ’ਤੇ ਇਹ ਟੌਲ ਪਲਾਜ਼ਾ ਸ਼ੁਰੂ ਹੋਇਆ ਸੀ। ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਅਹੁਦੇਦਾਰਾਂ ਦੇ ਐਲਾਨ ਮਗਰੋਂ ਟੌਲ ਕਰਮੀਆਂ ਤੇ ਪੁਲੀਸ ਨੂੰ ਨਵੀਂ ਸਮੱਸਿਆ ਖੜ੍ਹੀ ਹੋਣ ਦੇ ਆਸਾਰ ਬਣ ਗਏ ਹਨ। ਭਾਰਤੀ ਕਿਸਾਨ ਯੂਨੀਅਨ ਦੇ ਦਿਲਬਾਗ ਸਿੰਘ ਨੇ ਦੱਸਿਆ ਕਿ ਇਹ ਟੌਲ ਪਲਾਜ਼ਾ ਜਦੋਂ ਸ਼ੁਰੂ ਹੋਇਆ ਸੀ ਤਾਂ ਇਸ ਦੀ ਕੀਮਤ 150 ਰੁਪਏ ਸੀ, ਪਰ ਅੱਜ ਇਸ ਟੌਲ ਪਲਾਜ਼ਾ ਦਾ ਭਾਅ ਇੱਕ ਪਾਸੇ ਦਾ 230 ਰੁਪਏ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਐੱਨਐੱਚਏਆਈ ਤੇ ਸਰਕਾਰ ਇਸ ਟੌਲ ਪਲਾਜ਼ਾ ਨੂੰ ਜਾਂ ਤਾਂ ਬੰਦ ਕਰੇ ਜਾਂ ਫਿਰ ਇਸ ਦੇ ਭਾਅ ਪਹਿਲ ਵਾਲਾ ਕਰੇ। ਜੇਕਰ ਕੰਪਨੀ ਨੇ ਟੌਲ ਪਲਾਜ਼ਾ ਦੇ ਭਾਅ ’ਚ ਕਟੌਤੀ ਨਾ ਕੀਤੀ ਤਾਂ ਐਤਵਾਰ ਤੋਂ ਟੌਲ ਪਲਾਜ਼ਾ ਨੂੰ ਲੋਕਾਂ ਲਈ ਮੁਫ਼ਤ ਕਰ ਦਿੱਤਾ ਜਾਵੇਗਾ।