ਪੱਤਰ ਪ੍ਰੇਰਕ
ਦੋਰਾਹਾ, 12 ਜੂਨ
ਇਥੋਂ ਦੀ ਰੇਲਵੇ ਰੋਡ ’ਤੇ ਸਥਿਤ ਸਭ ਤੋਂ ਵੱਡੀ ਸੁਨਿਆਰੇ ਦੀ ਦੁਕਾਨ ਪਰਮਜੀਤ ਜਵੈਲਰਜ਼ ਦੀ ਦੁਕਾਨ ’ਤੇ ਅੱਜ ਦੇਰ ਸ਼ਾਮ ਕਰੀਬ ਸਾਢੇ ਅੱਠ ਵਜੇ ਦੋ ਅਣਪਛਾਤੇ ਵਿਅਕਤੀਆਂ ਨੇ ਅੰਨ੍ਹੇਵਾਹ ਫਾਇਰਿੰਗ ਕੀਤੀ। ਦੁਕਾਨ ਦੇ ਸਾਰੇ ਸ਼ੀਸ਼ੇ ਟੁੱਟ ਗਏ ਪਰ ਦੁਕਾਨ ਮਾਲਕ ਦਾ ਬਚਾਅ ਰਿਹਾ। ਪ੍ਰਾਪਤ ਜਾਣਕਾਰੀ ਅਨੁਸਾਰ ਦੁਕਾਨਦਾਰ ਮਨੀ ਆਪਣੀ ਦੁਕਾਨ ਬੰਦ ਕਰ ਰਿਹਾ ਸੀ ਤਾਂ ਮੋਟਰਸਾਈਕਲ ’ਤੇ ਸਵਾਰ ਦੋ ਨੌਜਵਾਨਾਂ, ਜਿਨ੍ਹਾਂ ਦੇ ਮੂੰਹ ਬੰਨ੍ਹੇ ਹੋਏ ਸਨ, ਨੇ ਦੁਕਾਨ ’ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਫਾਇਰਿੰਗ ਉਪਰੰਤ ਮੁਲਜ਼ਮ ਫਰਾਰ ਹੋ ਗਏ। ਘਟਨਾ ਦੇ ਕਰੀਬ 20 ਮਿੰਟ ਪਿੱਛੋਂ ਦੋਰਾਹੇ ਦੀ ਪੁਲੀਸ ਪੁੱਜੀ, ਜਿਨ੍ਹਾਂ ਨੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ। ਪੁਲੀਸ ਨੇ ਦੁਕਾਨ ਦੇ ਬਾਹਰ ਚਾਰ ਪੰਜ ਖੋਲ ਬਰਾਮਦ ਕੀਤੇ ਤੇ ਸੀਸੀਟੀਵੀ ਕੈਮਰੇ ਖੰਘਾਲੇ ਜਾ ਰਹੇ ਹਨ। ਦੁਕਾਨਦਾਰ ਨੇ ਕਿਹਾ ਕਿ ਉਸ ਦਾ ਕਿਸੇ ਨਾਲ ਕੋਈ ਵੈਰ-ਵਿਰੋਧ ਨਹੀਂ ਹੈ।