ਲੁਧਿਆਣਾ (ਟਨਸ): ਪਿੰਡ ਕਾਸਾਬਾਦ ਦੇ ਕੋਲ ਸਤਲੁਜ ਦਰਿਆ ’ਚ ਨਹਾਉਣ ਸਮੇਂ ਡੁੱਬੇ ਪੰਜ ਨੌਜਵਾਨਾਂ ’ਚੋਂ ਬਾਕੀ ਤਿੰਨ ਨੌਜਵਾਨਾਂ ਦੀਆਂ ਲਾਸ਼ਾਂ ਵੀ ਅੱਜ ਸਵੇਰੇ ਜ਼ਿਲ੍ਹਾ ਪੁਲੀਸ ਨੇ ਗੋਤਾਖੋਰਾਂ ਅਤੇ ਐੱਨਡੀਆਰਐੱਫ਼ ਦੀ ਮਦਦ ਨਾਲ ਬਰਾਮਦ ਕਰ ਲਈਆਂ। ਤਿੰਨਾਂ ਨੌਜਵਾਨਾਂ ਦੀਆਂ ਲਾਸ਼ਾਂ ਘਟਨਾ ਸਥਾਨ ਤੋਂ ਕੁਝ ਦੂਰੀ ’ਤੇ ਮਿਲੀਆਂ ਹਨ। ਮ੍ਰਿਤਕਾਂ ਦੀ ਪਛਾਣ ਆਯਾਨ, ਸ਼ਮੀ ਤੇ ਜ਼ਹੀਰ ਵਜੋਂ ਹੋਈ ਹੈ। ਇਹ ਘਟਨਾ ਐਤਵਾਰ ਨੂੰ ਵਾਪਰੀ ਸੀ। ਪੁਲੀਸ ਇਸ ਤੋਂ ਪਹਿਲਾਂ ਅਹਿਸਾਨ ਮੁਹੰਮਦ ਤੇ ਮਿਸਬੁਲ ਹੱਕ ਦੀਆਂ ਲਾਸ਼ਾਂ ਬਰਾਮਦ ਕਰ ਚੁੱਕੀ ਹੈ। ਪੁਲੀਸ ਨੇ ਤਿੰਨੇ ਲਾਸ਼ਾਂ ਪੋਸਟਮਾਰਟਮ ਕਰਵਾ ਕੇ ਪਰਿਵਾਰ ਹਵਾਲੇ ਕਰ ਦਿੱਤੀਆਂ ਹਨ। ਜਾਣਕਾਰੀ ਮੁਤਾਬਕ ਉਕਤ ਪੰਜ ਨੌਜਵਾਨ ਆਪਣੇ ਸਾਥੀਆਂ ਦੇ ਨਾਲ ਪਿੰਡ ਕਾਸਾਬਾਦ ’ਚ ਸਤਲੁਜ ਦਰਿਆ ਕਿਨਾਰੇ ਨਹਾਉਣ ਗਏ ਸਨ, ਜਿਸ ਦੌਰਾਨ ਸਾਰੇ ਜਣੇ ਡੁੱਬ ਗਏ। ਹਾਲਾਂਕਿ ਉਥੇ ਮੌਜੂਦ ਲੋਕਾਂ ਨੇ 2 ਨੌਜਵਾਨਾਂ ਨੂੰ ਤਾਂ ਬਚਾਅ ਲਿਆ ਸੀ।