ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 12 ਜੂਨ
ਸ਼੍ਰੋਮਣੀ ਅਕਾਲੀ ਦਲ ’ਚ ਹੋਈ ਮੁਕੰਮਲ ਏਕਤਾ ਲੋਕ ਸਭਾ ਚੋਣਾਂ ਤੋਂ ਬਾਅਦ ਮੁੜ ਟੁੱਟਣ ਦੇ ਆਸਾਰ ਨਜ਼ਰ ਆ ਰਹੇ ਹਨ। ਇੱਥੇ ਅੱਜ ਅਕਾਲੀ ਆਗੂਆਂ ਵੱਲੋਂ ਢੀਂਡਸਾ ਪਰਿਵਾਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ ਅਤੇ ਪਾਰਟੀ ਪ੍ਰਧਾਨ ਤੋਂ ਮੰਗ ਕੀਤੀ ਹੈ ਕਿ ਵੱਡੇ ਰੁਤਬੇ ਲੈ ਕੇ ਪਾਰਟੀ ਦਾ ਵਿਰੋਧ ਕਰਨ ਵਾਲਿਆਂ ਖ਼ਿਲਾਫ਼ ਸਖਤ ਫ਼ੈਸਲਾ ਲਿਆ ਜਾਵੇ। ਇਥੇ ਗੁਰਦੁਆਰਾ ਨਾਨਕਿਆਣਾ ਸਾਹਿਬ ਵਿੱਚ ਬੁਲਾਈ ਪ੍ਰੈੱਸ ਕਾਨਫਰੰਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਅਤੇ ਸੰਗਰੂਰ ਲੋਕ ਸਭਾ ਚੋਣ ਹਾਰੇ ਇਕਬਾਲ ਸਿੰਘ ਝੂੰਦਾਂ ਨੇ ਕਿਹਾ ਕਿ ਅਕਾਲੀ ਦਲ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ, ਕੋਰ ਕਮੇਟੀ ਮੈਂਬਰ ਪਰਮਿੰਦਰ ਸਿੰਘ ਢੀਂਡਸਾ ਅਤੇ ਬਾਬੂ ਪ੍ਰਕਾਸ਼ ਚੰਦ ਗਰਗ ਵਲੋਂ ਲੋਕ ਸਭਾ ਚੋਣਾਂ ਵਿੱਚ ਪਾਰਟੀ ਉਮੀਦਵਾਰ ਦਾ ਵਿਰੋਧ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਹ ਕੋਰ ਕਮੇਟੀ ਦੀ ਮੀਟਿੰਗ ’ਚ ਮੰਗ ਕਰਨਗੇ ਕਿ ਪਾਰਟੀ ਦਾ ਵਿਰੋਧ ਕਰਨ ਵਾਲਿਆਂ ਖ਼ਿਲਾਫ ਸਖਤ ਫੈਸਲਾ ਲਿਆ ਜਾਵੇ। ਇਸ ਮੌਕੇ ਐਸਜੀਪੀਸੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਗੋਵਾਲ, ਹਲਕਾ ਸੰਗਰੂਰ ਦੇ ਇੰਚਾਰਜ ਵਿਨਰਜੀਤ ਸਿੰਘ ਗੋਲਡੀ, ਹਲਕਾ ਸੁਨਾਮ ਦੇ ਇੰਚਾਰਜ ਰਾਜਿੰਦਰ ਦੀਪਾ, ਹਲਕਾ ਦਿੜਬਾ ਦੇ ਇੰਚਾਰਜ ਗੁਲਜ਼ਾਰ ਸਿੰਘ ਮੂਣਕ, ਜਾਹਿਦਾ ਸੁਲੇਮਾਨ ਹਲਕਾ ਇੰਚਾਰਜ ਮਾਲੇਰਕੋਟਲਾ ਆਦਿ ਮੌਜੂਦ ਸਨ।