ਮਨਧੀਰ ਿਸੰਘ ਦਿਓਲ
ਨਵੀਂ ਦਿੱਲੀ, 12 ਜੂਨ
ਗਰਮੀ ’ਚ ਪਾਣੀ ਦੇ ਸੰਕਟ ਨਾਲ ਨਜਿੱਠਣ ਲਈ ਕੇਜਰੀਵਾਲ ਸਰਕਾਰ ਨੇ ਵੱਡੇ ਫੈਸਲੇ ਤਹਿਤ ਦਿੱਲੀ ਵਿੱਚ ਪਾਈਪ ਲਾਈਨਾਂ ਦੀ ਲੀਕੇਜ ਕਾਰਨ ਹੁੰਦੀ ਪਾਣੀ ਦੀ ਬਰਬਾਦੀ ਰੋਕਣ ਲਈ ਏਡੀਐੱਮ ਅਤੇ ਐੱਸਡੀਐਮ ਪੱਧਰ ਦੇ ਅਧਿਕਾਰੀਆਂ ਨੂੰ ਜ਼ਿੰਮੇਵਾਰੀ ਸੌਂਪੀ ਹੈ। ਦਿੱਲੀ ਦੀ ਮਾਲ ਮੰਤਰੀ ਆਤਿਸ਼ੀ ਨੇ ਕਿਹਾ ਹੈ ਕਿ ਦਿੱਲੀ ਵਿੱਚ ਕਿਤੇ ਵੀ ਪਾਣੀ ਦੀ ਲੀਕੇਜ ਬਰਦਾਸ਼ਤ ਨਹੀਂ ਕੀਤੀ ਜਾਵੇਗੀ, ਪਾਣੀ ਦੀ ਇੱਕ ਬੂੰਦ ਵੀ ਬਰਬਾਦ ਨਹੀਂ ਹੋਣ ਦਿੱਤੀ ਜਾਵੇਗੀ।
ਆਤਿਸ਼ੀ ਨੇ ਹੁਕਮ ਜਾਰੀ ਕਰਕੇ ਮੁੱਖ ਸਕੱਤਰ ਨੂੰ ਇਸ ਨੂੰ ਲਾਗੂ ਕਰਨ ਲਈ ਕਿਹਾ ਹੈ। ਇਹ ਅਧਿਕਾਰੀ ਪਾਣੀ ਦੀਆਂ ਪਾਈਪ ਲਾਈਨਾਂ ਦੀ ਨਿਗਰਾਨੀ ਕਰਨਗੇ ਅਤੇ ਜੇਕਰ ਕਿਤੇ ਵੀ ਲੀਕੇਜ ਪਾਈ ਜਾਂਦੀ ਹੈ ਤਾਂ ਉਹ 12 ਘੰਟਿਆਂ ਦੇ ਅੰਦਰ-ਅੰਦਰ ਇਸ ਦੀ ਮੁਰੰਮਤ ਕਰਨਗੇ। ਇਸ ਤੋਂ ਇਲਾਵਾ ਤਹਿਸੀਲਦਾਰ ਸਮੇਤ ਹੋਰ ਅਧਿਕਾਰੀਆਂ ਦੀ ਟੀਮ ਵੀ ਤਾਇਨਾਤ ਕੀਤੀ ਜਾਵੇਗੀ ਜੋ ਪਾਣੀ ਦੇ ਟੈਂਕਰਾਂ ਦੇ ਪ੍ਰਬੰਧ ਅਤੇ ਇਸ ਸਬੰਧੀ ਸ਼ਿਕਾਇਤਾਂ ਦੇ ਨਿਪਟਾਰੇ ਲਈ ‘ਕੁਇੱਕ ਰਿਸਪਾਂਸ ਟੀਮ’ ਵਜੋਂ ਕੰਮ ਕਰੇਗੀ। ਦਿੱਲੀ ਦੇ ਮਾਲ ਮੰਤਰੀ ਆਤਿਸ਼ੀ ਨੇ ਮੁੱਖ ਸਕੱਤਰ ਨੂੰ ਮੁੱਖ ਜਲ ਵੰਡ ਨੈੱਟਵਰਕ ਦੀ ਨਿਗਰਾਨੀ ਕਰਨ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਲੀਕੇਜ ਕਾਰਨ ਪਾਣੀ ਦੀ ਬਰਬਾਦੀ ਨੂੰ ਰੋਕਿਆ ਜਾ ਸਕੇ। ਇਸ ਦੀ ਨਿਗਰਾਨੀ ਲਈ ਏਡੀਐੱਮ ਅਤੇ ਐੱਸਡੀਐੱਮ ਦੀਆਂ ਵਿਸ਼ੇਸ਼ ਟੀਮਾਂ ਤਾਇਨਾਤ ਕੀਤੀਆਂ ਜਾਣ। ਉਨ੍ਹਾਂ ਦੱਸਿਆ ਕਿ ਇਹ ਟੀਮਾਂ ਮੁੱਖ ਜਲ ਸਰੋਤ ਤੋਂ ਵਾਟਰ ਟਰੀਟਮੈਂਟ ਪਲਾਂਟ ਅਤੇ ਉਥੋਂ ਪ੍ਰਾਇਮਰੀ ਯੂ.ਜੀ.ਆਰ. ਤੱਕ ਮੁੱਖ ਜਲ ਵੰਡ ਨੈੱਟਵਰਕ ਦੀ ਨਿਗਰਾਨੀ ਕਰਨਗੀਆਂ। ਮਾਲ ਮੰਤਰੀ ਨੇ ਨਿਰਦੇਸ਼ ਦਿੱਤਾ ਹੈ ਕਿ ਜੇਕਰ ਨਿਗਰਾਨੀ ਦੌਰਾਨ ਵੱਡੀਆਂ ਪਾਈਪਲਾਈਨਾਂ ਵਿੱਚ ਕੋਈ ਲੀਕੇਜ ਪਾਈ ਜਾਂਦੀ ਹੈ, ਤਾਂ ਉਸ ਨੂੰ 12 ਘੰਟਿਆਂ ਦੇ ਅੰਦਰ ਅੰਦਰ ਠੀਕ ਕੀਤਾ ਜਾਵੇ। ਨਾਲ ਹੀ, ਤਹਿਸੀਲਦਾਰਾਂ ਅਤੇ ਹੋਰ ਅਧਿਕਾਰੀਆਂ ਨੂੰ ਪਾਣੀ ਦੇ ਟੈਂਕਰਾਂ ਦਾ ਪ੍ਰਬੰਧ ਕਰਨ ਅਤੇ ਪਾਣੀ ਸੰਬੰਧੀ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ‘ਕੁਇੱਕ ਰਿਸਪਾਂਸ ਟੀਮ’ ਵਜੋਂ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਸਾਰੀਆਂ ਟੀਮਾਂ ਹਰ ਰੋਜ਼ ਸ਼ਾਮ 5 ਵਜੇ ਤੱਕ ਨਿਰੀਖਣ ਰਿਪੋਰਟ ਪੇਸ਼ ਕਰਨ ਦੀ ਹਦਾਇਤ ਵੀ ਕੀਤੀ ਹੈ।
ਭਾਜਪਾ ਦੇ ਵਫ਼ਦ ਵੱਲੋਂ ਪੁਲੀਸ ਕਮਿਸ਼ਨਰ ਨਾਲ ਮੁਲਾਕਾਤ
ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ ਤੇ ਉੱਤਰ ਪੱਛਮੀ ਦਿੱਲੀ ਦੇ ਸੰਸਦ ਮੈਂਬਰ ਯੋਗੇਂਦਰ ਚੰਦੋਲੀਆ ਸਣੇ ਭਾਜਪਾ ਨੇਤਾਵਾਂ ਦੇ ਵਫ਼ਦ ਨੇ ਅੱਜ ਇੱਥੇ ਦਿੱਲੀ ਪੁਲੀਸ ਹੈੱਡਕੁਆਰਟਰ ਵਿੱਚ ਪੁਲੀਸ ਕਮਿਸ਼ਨਰ ਸੰਜੇ ਅਰੋੜਾ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਟੈਂਕਰ ਮਾਫੀਆ ਵੱਲੋਂ ਮੂਨਕ ਨਹਿਰ ਅਤੇ ਹੋਰ ਸਰੋਤਾਂ ਤੋਂ ਪਾਣੀ ਦੀ ਕਥਿਤ ਚੋਰੀ ਦੀ ਜਾਂਚ ਲਈ ਐੱਫਆਈਆਰ ਦਰਜ ਕਰਨ ਅਤੇ ਵਿਸ਼ੇਸ਼ ਜਾਂਚ ਟੀਮ ਦੇ ਗਠਨ ਦੀ ਮੰਗ ਕਰਦਿਆਂ ਇੱਕ ਸ਼ਿਕਾਇਤ ਦਰਜ ਕਰਵਾਈ। ਦਿੱਲੀ ਪੁਲੀਸ ਮੁਖੀ ਨੂੰ ਸੰਬੋਧਿਤ ਸ਼ਿਕਾਇਤ ਵਿੱਚ ਕਿਹਾ ਗਿਆ ਕਿ ਮੂਨਕ ਨਹਿਰ ਤੋਂ ਪਾਣੀ ਦੀ ਚੋਰੀ ਲਈ ਟੈਂਕਰ ਮਾਫੀਆ ਅਤੇ ਉਨ੍ਹਾਂ ਨਾਲ ਮਿਲੀਭੁਗਤ ਕਰਨ ਵਾਲੇ ਕਿਸੇ ਵੀ ਸਰਕਾਰੀ ਅਧਿਕਾਰੀ ਵਿਰੁੱਧ ਕਾਰਵਾਈ ਨੂੰ ਯਕੀਨੀ ਬਣਾਉਣ ਲਈ ਡੂੰਘਾਈ ਨਾਲ ਜਾਂਚ ਕਰਨ ਲਈ ਵਿਸ਼ੇਸ਼ ਜਾਂਚ ਟੀਮ ਬਣਾਈ ਜਾਵੇ। ਪਾਰਟੀ ਨੇ ਪੁਲੀਸ ਨੂੰ ਟੈਂਕਰ ਮਾਫੀਆ ਵਿਰੁੱਧ ਕਾਰਵਾਈ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪਾਣੀ ਸੰਕਟ ਕਾਰਨ ਦਿੱਲੀ ਵਾਸੀ ਬਹੁਤ ਪ੍ਰੇਸ਼ਾਨ ਹਨ। ਉਧਰ, ਪਾਣੀ ਦੀ ਕਿੱਲਤ ਸਬੰਧੀ ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਸ਼ਹਿਰ ਵਿੱਚ ਟੈਂਕਰ ਮਾਫੀਆ ਅਤੇ ਪਾਣੀ ਦੀ ਬਰਬਾਦੀ ਨੂੰ ਲੈ ਕੇ ਦਿੱਲੀ ਸਰਕਾਰ ਦੀ ਸਖ਼ਤ ਆਲੋਚਨਾ ਕੀਤੀ।
‘ਆਪ’ ਵੱਲੋਂ ਉਪ ਰਾਜਪਾਲ ਤੋਂ ‘ਟੈਂਕਰ ਮਾਫੀਆ’ ’ਤੇ ਨਿਗਰਾਨੀ ਦੀ ਮੰਗ
ਨਵੀਂ ਦਿੱਲੀ (ਪੱਤਰ ਪ੍ਰੇਰਕ): ਸੁਪਰੀਮ ਕੋਰਟ ਵੱਲੋਂ ਦਿੱਲੀ ਸਰਕਾਰ ਨੂੰ ਟੈਂਕਰ ਮਾਫੀਆ ਉਪਰ ਸ਼ਿਕੰਜਾ ਨਾ ਕੱਸਣ ਕਰਕੇ ਲਾਈ ਝਾੜ ਮਗਰੋਂ ਦਿੱਲੀ ਦੀ ਜਲ ਮੰਤਰੀ ਆਤਿਸ਼ੀ ਨੇ ਦਿੱਲੀ ਦੇ ਉਪ ਰਾਜਪਾਲ ਵੀ.ਕੇ. ਸਕਸੈਨਾ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਏਸੀਪੀ ਪੱਧਰ ਦੇ ਇੱਕ ਪੁਲੀਸ ਅਧਿਕਾਰੀ ਦੀ ਨਿਗਰਾਨੀ ਹੇਠ ਮੂਨਕ ਨਹਿਰ ਦੇ ਦਿੱਲੀ ਵਿੱਚ ਪੈਂਦੇ ਇਲਾਕੇ ਦੀ ਨਿਗਰਾਨੀ ਕੀਤੀ ਜਾਵੇ। ਆਤਿਸ਼ੀ ਨੇ ਐੱਲਜੀ ਕੋਲ ਦਿੱਲੀ ਜਲ ਬੋਰਡ ਦੇ ਅਧਿਕਾਰੀਆਂ ਵੱਲੋਂ ਉਨ੍ਹਾਂ (ਆਤਿਸ਼ੀ) ਦੇ 2023 ਵਿੱਚ ਦਿੱਤੇ ਹੁਕਮਾਂ ਦੀ ਅਣਦੇਖੀ ਕਰਨ ਦਾ ਜ਼ਿਕਰ ਵੀ ਕੀਤਾ ਹੈ। ਆਤਿਸ਼ੀ ਨੇ ‘ਐਕਸ’ ਉਪਰ ਉਪ ਰਾਜਪਾਲ ਨੂੰ ਭੇਜੇ ਪੱਤਰ ਨੂੰ ਪੋਸਟ ਕੀਤਾ ਤੇ ਉਕਤ ਮੰਗਾਂ ਬਾਰੇ ਵਿਸਥਾਰ ਵਿੱਚ ਦੱਸਿਆ। ਉਨ੍ਹਾਂ ਲਿਖਿਆ, ‘‘ਦਿੱਲੀ ਜਲ ਬੋਰਡ ਦੇ ਮੁੱਖ ਸਕੱਤਰ ਅਤੇ ਸੀਈਓ ਨੇ ਮੇਰੇ ਨਿਰਦੇਸ਼ਾਂ ਦੇ ਬਾਵਜੂਦ ਦਿੱਲੀ ਜਲ ਬੋਰਡ ਵੱਲੋਂ ਤਾਇਨਾਤ ਟੈਂਕਰਾਂ ਦੀ ਗਿਣਤੀ ਘਟਾ ਦਿੱਤੀ। ਦਿੱਲੀ ਜਲ ਬੋਰਡ ਦੇ ਟੈਂਕਰਾਂ ਵਿੱਚ ਕਮੀ ਨਾਲ ਗ਼ੈਰ-ਕਾਨੂੰਨੀ ਪ੍ਰਾਈਵੇਟ ਟੈਂਕਰਾਂ ਲਈ ਗੁੰਜਾਇਸ਼ ਪੈਦਾ ਹੋ ਸਕਦੀ ਸੀ। ਇਸ ਲਈ ‘ਟੈਂਕਰ ਮਾਫੀਆ’ ਨਾਲ ਉਨ੍ਹਾਂ ਦੀ ਸੰਭਾਵੀ ਮਿਲੀਭੁਗਤ ਦਾ ਪਤਾ ਕਰਨ ਲਈ ਜਾਂਚ ਦੀ ਲੋੜ ਹੈ।’’