* 23 ਜੂਨ ਨੂੰ ਮੁੜ ਹੋਵੇਗੀ ਪ੍ਰੀਖਿਆ, 30 ਨੂੰ ਐਲਾਨੇ ਜਾਣਗੇ ਨਤੀਜੇ
* ਐੱਮਬੀਬੀਐੱਸ ਤੇ ਬੀਡੀਐੱਸ ਸਣੇ ਹੋਰ ਕੋਰਸਾਂ ਲਈ 6 ਜੁਲਾਈ ਤੋਂ ਹੋਣਗੇ ਦਾਖਲੇ
* ਬਕਾਇਆ ਪਟੀਸ਼ਨਾਂ ਦੇ ਨਿਬੇੜੇ ’ਤੇ ਮੁਨੱਸਰ ਕਰਨਗੇ ਨਤੀਜੇ: ਸੁਪਰੀਮ ਕੋਰਟ
ਨਵੀਂ ਦਿੱਲੀ, 13 ਜੂਨ
ਨੀਟ-ਯੂਜੀ ਪ੍ਰੀਖਿਆ ਨੂੰ ਲੈ ਕੇ ਜਾਰੀ ਵਿਵਾਦ ਦਰਮਿਆਨ ਕੇਂਦਰ ਸਰਕਾਰ ਨੇ ਅੱਜ ਸੁਪਰੀਮ ਕੋਰਟ ਨੂੰ ਦੱਸਿਆ ਕਿ ਉਸ ਨੇ ਐੈੱਮਬੀਬੀਐੱਸ ਤੇ ਹੋਰਨਾਂ ਅਜਿਹੇ ਕੋਰਸਾਂ ਵਿਚ ਦਾਖ਼ਲਿਆਂ ਲਈ ਪ੍ਰੀਖਿਆ ਦੇਣ ਵਾਲੇ 1563 ਉਮੀਦਵਾਰਾਂ ਨੂੰ ਕੌਮੀ ਟੈਸਟਿੰਗ ਏਜੰਸੀ (ਐੱਨਟੀਏ) ਵੱਲੋਂ ਦਿੱਤੇ ਗਰੇਸ ਅੰਕ ਰੱਦ ਕਰ ਦਿੱਤੇ ਹਨ। ਕੇਂਦਰ ਨੇ ਕਿਹਾ ਕਿ ਉਮੀਦਵਾਰਾਂ ਕੋਲ ਹੁਣ ਮੁੜ ਪ੍ਰੀਖਿਆ ਦੇਣ ਜਾਂ ਸਮੇਂ ਦੀ ਬਰਬਾਦੀ ਲਈ ਮਿਲੇ ਗਰੇਸ ਅੰਕਾਂ ਨੂੰ ਛੱਡਣ ਦਾ ਬਦਲ ਰਹੇਗਾ। ਕੇਂਦਰ ਨੇ ਕਿਹਾ ਕਿ ਇਨ੍ਹਾਂ 1563 ਉਮੀਦਵਾਰਾਂ ਨੂੰ ਹੁਣ 23 ਜੂਨ ਨੂੰ ਮੁੜ ਪ੍ਰੀਖਿਆ ਦੇਣ ਦਾ ਮੌਕਾ ਦਿੱਤਾ ਜਾਵੇਗਾ ਤੇ ਨਤੀਜੇ 30 ਜੂਨ ਨੂੰ ਐਲਾਨੇ ਜਾਣਗੇ। ਐੱਮਬੀਬੀਐੱਸ ਤੇ ਬੀਡੀਐੱਸ ਸਣੇ ਹੋਰ ਮੈਡੀਕਲ ਕੋਰਸਾਂ ’ਚ ਦਾਖਲਿਆਂ ਲਈ ਕਾਊਂਸਲਿੰਗ 6 ਜੁਲਾਈ ਤੋਂ ਹੋਵੇਗੀ। ਐੱਨਟੀਏ ਵੱਲੋਂ 1563 ਵਿਦਿਆਰਥੀਆਂ ਨੂੰ ਦਿੱਤੇ ਗਰੇਸ ਅੰਕ ਵਾਪਸ ਲੈਣ ਦੇ ਫੈਸਲੇ ਨਾਲ ਨੀਟ-ਯੂਜੀ ਦੇ ਟੌਪਰਾਂ ਦੀ ਗਿਣਤੀ 67 ਤੋਂ ਘਟ ਕੇ 61 ਰਹਿ ਜਾਵੇਗੀ।
ਸੁਪਰੀਮ ਕੋਰਟ ਨੇ 6 ਜੁਲਾਈ ਲਈ ਤਜਵੀਜ਼ਤ ਨੀਟ-ਯੂਜੀ 2024 ਕਾਊਂਸਲਿੰਗ ’ਤੇ ਰੋਕ ਲਾਉਣ ਤੋਂ ਇਨਕਾਰ ਕਰਦਿਆਂ ਸਾਫ਼ ਕਰ ਦਿੱਤਾ ਕਿ ਸਫਲ ਵਿਦਿਆਰਥੀਆਂ ਦੇ ਮੈਡੀਕਲ ਕਾਲਜਾਂ ਤੇ ਹੋਰ ਸੰਸਥਾਨਾਂ ਵਿਚ ਦਾਖਲੇ ਉਸ ਕੋਲ ਦਾਇਰ ਵੱਖ ਵੱਖ ਪਟੀਸ਼ਨਾਂ ’ਤੇ ਸੁਣਾਏ ਜਾਣ ਵਾਲੇ ਫੈਸਲੇ ’ਤੇ ਮੁਨੱਸਰ ਕਰਨਗੇ। ਬੈਂਚ ਨੇ ਕਿਹਾ ਕਿ ਉਹ ਗਰਮੀ ਦੀਆਂ ਛੁੱਟੀਆਂ ਮਗਰੋਂ 8 ਜੁਲਾਈ ਨੂੰ ਤਿੰਨ ਪਟੀਸ਼ਨਾਂ ’ਤੇ ਸੁਣਵਾਈ ਕਰੇਗਾ। ਕਾਬਿਲੇਗੌਰ ਹੈ ਪੇਪਰ ਲੀਕ ਤੇ ਹੋਰ ਗੜਬੜੀਆਂ ਨੂੰ ਅਧਾਰ ਬਣਾ ਕੇ ਸੁਪਰੀਮ ਕੋਰਟ ਵਿਚ ਤਿੰਨ ਵੱਖ ਵੱਖ ਪਟੀਸ਼ਨਾਂ ਦਾਖ਼ਲ ਕੀਤੀਆਂ ਗਈਆਂ ਹਨ, ਜਿਸ ਵਿਚ ਐੱਨਟੀਏ ਵੱਲੋਂ 5 ਮਈ ਨੂੰ ਲਈ ਪ੍ਰੀਖਿਆ ਰੱਦ ਕਰਨ ਤੇ ਉਮੀਦਵਾਰਾਂ ਨੂੰ ਦਿੱਤੇ ਗਰੇਸ ਅੰਕ ਰੱਦ ਕੀਤੇ ਜਾਣ ਦੀ ਮੰਗ ਕੀਤੀ ਗਈ ਸੀ।
ਜਸਟਿਸ ਵਿਕਰਮ ਨਾਥ ਤੇ ਜਸਟਿਸ ਸੰਦੀਪ ਮਹਿਤਾ ਦੇ ਵੈਕੇਸ਼ਨ ਬੈਂਚ ਨੇ ਪਟੀਸ਼ਨਰਾਂ ਵੱਲੋਂ ਪ੍ਰਗਟਾਏ ਤੋਖਲਿਆਂ ਦੇ ਹੱਲ ਲਈ ਬਣਾਈ ਕਮੇਟੀ ਦੀ ਸਿਫਾਰਸ਼ ’ਤੇੇ 1563 ਉਮੀਦਵਾਰਾਂ ਦੇ ਗਰੇਸ ਅੰਕ ਰੱਦ ਕੀਤੇ ਜਾਣ ਦੇ ਫੈਸਲੇ ਨੂੰ ‘ਤਰਕਸੰਗਤ’ ਕਰਾਰ ਦਿੱਤਾ ਹੈ। ਕੇਂਦਰ ਤੇ ਐੱਨਟੀਏ ਵੱਲੋਂ ਪੇਸ਼ ਵਕੀਲ ਕਨੂ ਅਗਰਵਾਲ ਨੇ ਕੋਰਟ ਨੂੰ ਦੱਸਿਆ ਕਿ ਸ਼ਿਕਾਇਤਾਂ ਦੀ ਘੋਖ ਕਰਨ ਲਈ ਬਣਾਈ ਕਮੇਟੀ ਨੇ 12 ਜੂਨ ਨੂੰ ‘ਵਿਦਿਆਰਥੀਆਂ ਦੇ ਡਰ ਨੂੰ ਦੂਰ ਕਰਨ’ ਦਾ ਫੈਸਲਾ ਕੀਤਾ ਸੀ। ਕਮੇਟੀ ਦਾ ਇਹ ਵਿਚਾਰ ਸੀ ਕਿ ਗਰੇਸ ਅੰਕ ਵਾਪਸ ਲਏ ਜਾਣ ਤੇ ਇਨ੍ਹਾਂ ਉਮੀਦਵਾਰਾਂ ਨੂੰ ਮੁੜ ਪ੍ਰੀਖਿਆ ਦੇਣ ਦਾ ਮੌਕਾ ਦਿੱਤਾ ਜਾਵੇ, ਜੋ 23 ਜੂਨ ਨੂੰ ਲਈ ਜਾਵੇਗੀ। ਇਸ ਸਬੰਧੀ ਨੋਟੀਫਿਕੇਸ਼ਨ ਅੱਜ ਜਾਰੀ ਕਰ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਕਮੇਟੀ ਦਾ ਵਿਚਾਰ ਸੀ ਕਿ 5 ਮਈ ਨੂੰ ਪ੍ਰੀਖਿਆ ਦੇਣ ਮੌਕੇ ਇਕ ਵਿਵਾਦਿਤ ਪ੍ਰਸ਼ਨ ਨੂੰ ਲੈ ਕੇ ਸਮਾਂ ਬਰਬਾਦ ਹੋਣ ਦੇ ਆਧਾਰ ’ਤੇ ਗਰੇਸ ਅੰਕ ਦਿੱਤੇ ਜਾਣ ਕਾਰਨ ‘ਭੰਬਲਭੂਸੇ ਵਾਲੇ ਸਥਿਤੀ’ ਪੈਦਾ ਹੋਈ। ਅਗਰਵਾਲ ਨੇ ਕਿਹਾ ਕਿ ਕਮੇਟੀ ਨੇ ਸਾਰੇ ਪਹਿਲੂਆਂ ਦੀ ਘੋਖ ਮਗਰੋਂ ਇਹ ਸਿੱਟਾ ਕੱਢਿਆ ਕਿ ਲਾਭਪਾਤਰੀ ਉਮੀਦਵਾਰਾਂ ਦੇ ਗਰੇਸ ਅੰਕਾਂ ਨਾਲ ਐਲਾਨੇ ਨਤੀਜੇ ਨੂੰ ਰੱਦ ਕਰਨ ਦੀ ਸਿਫਾਰਸ਼ ਕਰਨਾ ਹੀ ਢੁੱਕਵਾਂ ਹੋਵੇਗਾ। ਅਗਰਵਾਲ ਨੇ ਕਿਹਾ, ‘‘ਸਿਫਾਰਸ਼ਾਂ ਮੁਤਾਬਕ 1563 ਉਮੀਦਵਾਰਾਂ ਨੂੰ 4 ਜੂਨ 2024 ਨੂੰ ਜਾਰੀ ਸਕੋਰ-ਕਾਰਡ (ਨਤੀਜੇ) ਰੱਦ ਤੇ ਵਾਪਸ ਲਏ ਸਮਝੇ ਜਾਣਗੇ। ਇਨ੍ਹਾਂ 1563 ਉਮੀਦਵਾਰਾਂ ਨੂੰ ਬਿਨਾਂ ਗਰੇਸ ਅੰਕਾਂ ਦੇ ਉਨ੍ਹਾਂ ਦੇ ਅਸਲ ਅੰਕਾਂ ਬਾਰੇ ਸੂਚਿਤ ਕੀਤਾ ਜਾਵੇਗਾ। ਇਨ੍ਹਾਂ 1563 ਉਮੀਦਵਾਰਾਂ ਦੀ ਮੁੜ ਪ੍ਰੀਖਿਆ ਲਈ ਜਾਵੇਗੀ।’’ ਬੈਂਚ ਨੇ ਹੁਕਮ ਵਿਚ ਨੋਟ ਕੀਤਾ, ‘‘ਅਸਰਅੰਦਾਜ਼ ਹੋਣ ਵਾਲੇ ਉਮੀਦਵਾਰਾਂ, ਜੋ ਮੁੜ ਪ੍ਰੀਖਿਆ ਨਹੀਂ ਦੇਣੀ ਚਾਹੁੰਦੇ, ਦੇ ਨਤੀਜੇ 5 ਮਈ 2024 ਨੂੰ ਲਈ ਪ੍ਰੀਖਿਆ ਵਿਚ ਲਏ ਅਸਲ ਅੰਕਾਂ ਦੇ ਅਧਾਰ ’ਤੇ ਐਲਾਨੇ ਜਾਣਗੇ ਤੇ ਇਸ ਵਿਚ ਗਰੇਸ ਅੰਕ ਸ਼ਾਮਲ ਨਹੀਂ ਹੋਣਗੇ। ਅਤੇ ਜਿਹੜੇ ਵਿਦਿਆਰਥੀ ਮੁੜ ਪ੍ਰੀਖਿਆ ਦੇਣਗੇ, ਉਨ੍ਹਾਂ ਦਾ ਨਤੀਜਾ ਪ੍ਰੀਖਿਆ ਵਿਚ ਲਏ ਅੰਕਾਂ ਦੇ ਅਧਾਰ ’ਤੇ ਐਲਾਨਿਆ ਜਾਵੇਗਾ ਤੇ ਉਨ੍ਹਾਂ ਵੱਲੋਂ 5 ਮਈ 2024 ਦੀ ਪ੍ਰੀਖਿਆ ਵਿਚ ਲਏ ਅੰਕ ਰੱਦ ਕਰ ਦਿੱਤੇ ਜਾਣਗੇ।’’ ਕੇਂਦਰ ਨੇ ਕਿਹਾ ਕਿ ਮੁੜ ਲਈ ਜਾਣ ਵਾਲੀ ਪ੍ਰੀਖਿਆ ਦੇ ਨਤੀਜੇ 30 ਜੂਨ ਨੂੰ ਐਲਾਨੇ ਜਾਣਗੇ ਤੇ ਐੱਮਬੀਬੀਐੱਸ, ਬੀਡੀਐੱਸ ਤੇ ਹੋਰਨਾਂ ਕੋਰਸਾਂ ਵਿਚ ਦਾਖਲਿਆਂ ਲਈ ਕਾਊਂਸਲਿੰਗ 6 ਜੁਲਾਈ ਨੂੰ ਸ਼ੁਰੂ ਹੋਵੇਗੀ।
ਉਧਰ ਐੱਡਟੈੱਕ ਫਰਮ ‘ਫਿਜ਼ਿਕਸ ਵਾਲਾ’ ਦੇ ਮੁੱਖ ਕਾਰਜਕਾਰੀ ਅਲਖ ਪਾਂਡੇ ਵੱਲੋਂ ਪੇਸ਼ ਵਕੀਲ ਜੇ. ਸਾਈ ਦੀਪਕ ਨੇ ਉਮੀਦਵਾਰਾਂ ਨੂੰ ਗਰੇਸ ਅੰਕ ਦੇਣ ਦਾ ਵਿਰੋਧ ਕਰਦਿਆਂ ਕਿਹਾ ਕਿ ਮੁੜ-ਪ੍ਰੀਖਿਆ ਦਾ ਬਦਲ ਉਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਦਿੱਤਾ ਜਾਵੇ, ਜੋ ਕਥਿਤ ਸਮੇਂ ਦੀ ਬਰਬਾਦੀ ਕਰਕੇ ਕੋਰਟ ਦਾ ਰੁਖ਼ ਨਹੀਂ ਕਰ ਸਕੇ। ਬੈਂਚ ਨੇ ਹਾਲਾਂਕਿ ਇਹ ਕਹਿੰਦਿਆਂ ਪਟੀਸ਼ਨ ਨੂੰ ਨਾਂਹ ਕਰ ਦਿੱਤੀ ਕਿ ਉਹ ਇਸ ਕੇਸ ਦੇ ਦਾਇਰੇ ਨੂੰ ਹੋਰ ਮੋਕਲਾ ਨਹੀਂ ਕਰ ਸਕਦੀ। ਬੈਂਚ ਨੇ ਕੇਂਦਰ ਤੇ ਐੱਨਟੀਏ ਨੂੰ ਨੋਟਿਸ ਜਾਰੀ ਕਰਦਿਆਂ ਤਿੰਨ ਪਟੀਸ਼ਨਾਂ ਨੂੰ ਬਕਾਇਆ ਵਜੋਂ ਰੱਖ ਲਿਆ ਹੈ। ਬੈਂਚ ਨੇ ਕਿਹਾ ਕਿ ਉਹ ਗਰਮੀ ਦੀਆਂ ਛੁੱਟੀਆਂ ਮਗਰੋਂ 8 ਜੁਲਾਈ ਨੂੰ ਇਨ੍ਹਾਂ ’ਤੇ ਸੁਣਵਾਈ ਕਰੇਗਾ। ਐੱਡਟੈੱਕ ਫਰਮ ‘ਫਿਜ਼ਿਕਸ ਵਾਲਾ’ ਨੇ ਪਟੀਸ਼ਨ ਵਿਚ ਜਿੱਥੇ 1500 ਤੋਂ ਵੱਧ ਉਮੀਦਵਾਰਾਂ ਨੂੰ ਗਰੇਸ ਅੰਕ ਦੇਣ ਦਾ ਵਿਰੋਧ ਕੀਤਾ ਸੀ, ਉਥੇ ਕੋਰਟ ਦੀ ਨਿਗਰਾਨੀ ਵਿਚ ਮਾਹਿਰਾਂ ਦੀ ਕਮੇਟੀ ਵੱਲੋਂ ‘ਚੋਣ ਅਮਲ ਤੇ ਨੀਟ-ਯੂਜੀ 2024 ਦੇ ਨਤੀਜਿਆਂ ਦੀ ਘੋਖ’ ਕੀਤੇ ਜਾਣ ਦੀ ਮੰਗ ਵੀ ਕੀਤੀ ਸੀ। ਉਧਰ ਅਬਦੁੱਲ੍ਹਾ ਮੁਹੰਮਦ ਫ਼ੈਜ਼ ਤੇ ਡਾ. ਸ਼ੇਖ ਰੌਸ਼ਨ ਮੋਹੀਦੀਨ ਨੇ ਪੇਪਰ ਲੀਕ ਤੇ ਹੋਰ ਗੜਬੜੀਆਂ ਦੇ ਹਵਾਲੇ ਨਾਲ ਨਵੇਂ ਸਿਰੇ ਤੋਂ ਪ੍ਰੀਖਿਆ ਕਰਵਾਉਣ ਦੀ ਮੰਗ ਕੀਤੀ ਸੀ। ਨੀਟ-ਯੂਜੀ ਉਮੀਦਵਾਰ ਜਾਰੀਪੀਤੀ ਕਾਰਤਿਕ ਵੱਲੋਂ ਦਾਇਰ ਤੀਜੀ ਪਟੀਸ਼ਨ ਵਿਚ ਉਮੀਦਵਾਰਾਂ ਨੂੰ ਦਿੱਤੇ ਗਰੇਸ ਅੰਕਾਂ ਨੂੰ ਚੁਣੌਤੀ ਦਿੱਤੀ ਗਈ ਹੈ।
ਐੱਨਟੀਏ ਵੱਲੋਂ 5 ਮਈ ਨੂੰ 4750 ਕੇਂਦਰਾਂ ਵਿਚ ਲਈ ਪ੍ਰੀਖਿਆ ਵਿਚ ਕਰੀਬ 24 ਲੱਖ ਉਮੀਦਵਾਰ ਬੈਠੇ ਸਨ। ਪ੍ਰੀਖਿਆ ਦਾ ਨਤੀਜਾ ਪਹਿਲਾਂ 14 ਜੂਨ ਨੂੰ ਐਲਾਨਿਆ ਜਾਣਾ ਸੀ, ਪਰ ਉੱਤਰ ਪੱਤਰੀਆਂ ਦੇ ਮੁਲਾਂਕਣ ਦਾ ਅਮਲ ਪਹਿਲਾਂ ਮੁੱਕਣ ਕਰਕੇ 4 ਜੂਨ ਨੂੰ ਹੀ ਨਤੀਜੇ ਐਲਾਨ ਦਿੱਤੇ ਗਏ। ਇਨ੍ਹਾਂ ਨਤੀਜਿਆਂ ਵਿਚ 67 ਵਿਦਿਆਰਥੀਆਂ ਨੇ ਪਰਫੈਕਟ 720 ਦੇ ਸਕੋਰ ਨਾਲ ਟੌਪ ਰੈਂਕ ਹਾਸਲ ਕੀਤਾ ਸੀ। ਸਿਖਰਲਾ ਰੈਂਕ ਹਾਸਲ ਕਰਨ ਵਾਲਿਆਂ ਦੀ ਸੂਚੀ ਵਿਚ 6 ਵਿਦਿਆਰਥੀ ਹਰਿਆਣਾ ਦੇ ਫਰੀਦਾਬਾਦ ਦੇ ਇਕੋ ਸੈਂਟਰ ਨਾਲ ਸਬੰਧਤ ਸਨ, ਜਿਸ ਕਰਕੇ ਨਤੀਜਿਆਂ ਵਿਚ ਬੇਨਿਯਮੀਆਂ ਨੂੰ ਲੈ ਕੇ ਸ਼ੱਕ-ਸ਼ੁਬ੍ਹੇ ਖੜ੍ਹੇ ਹੋਏ ਸਨ। -ਪੀਟੀਆਈ
ਪੇਪਰ ਲੀਕ ਦਾ ਕੋਈ ਸਬੂਤ ਨਹੀਂ: ਪ੍ਰਧਾਨ
ਨਵੀਂ ਦਿੱਲੀ: ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਮੈਡੀਕਲ ਦਾਖਲਾ ਪ੍ਰੀਖਿਆ ਨੀਟ-ਯੂਜੀ ਦਾ ਪੇਪਰ ਲੀਕ ਹੋਣ ਦੇ ਦਾਅਵਿਆਂ ਨੂੰ ਰੱਦ ਕਰ ਦਿੱਤਾ ਹੈ। ਪ੍ਰਧਾਨ ਨੇ ਕਿਹਾ ਕਿ ਇਨ੍ਹਾਂ ਦਾਅਵਿਆਂ ਦੀ ਪੁਸ਼ਟੀ ਲਈ ਕੋਈ ਸਬੂਤ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਯਕੀਨੀ ਬਣਾਏਗੀ ਕਿ ਇਸ ਵਿਵਾਦ ਕਰਕੇ ਕਿਸੇ ਵਿਦਿਆਰਥੀ ਦਾ ਕੋਈ ਨੁਕਸਾਨ ਨਾ ਹੋਏ। ਸਿੱਖਿਆ ਮੰਤਰੀ ਵਜੋਂ ਦੂਜੀ ਵਾਰ ਚਾਰਜ ਲੈਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਨੇ ਕਿਹਾ, ‘‘ਨੀਟ-ਯੂਜੀ ਵਿਚ ਪੇਪਰ ਲੀਕ ਦਾ ਕੋਈ ਸਬੂਤ ਨਹੀਂ ਹੈ। ਐੱਨਟੀਏ ਵਿਚ ਭ੍ਰਿਸ਼ਟਾਚਾਰ ਦੇ ਦੋਸ਼ ਵੀ ਬੇਬੁਨਿਆਦ ਹਨ, ਇਹ ਬਹੁਤ ਭਰੋਸੇਮੰਦ ਸੰਸਥਾ ਹੈ। ਇਹ ਉੱਚ ਸਿੱਖਿਆ ਪੱਧਰ ਦੀਆਂ ਪ੍ਰੀਖਿਆਵਾਂ ਦੇ ਨਾਲ ਸਾਲਾਨਾ 50 ਲੱਖ ਤੋਂ ਵੱਧ ਸਕੂਲ ਵਿਦਿਆਰਥੀਆਂ ਲਈ ਵੀ ਪ੍ਰੀਖਿਆਵਾਂ ਲੈਂਦੀ ਹੈ।’’ ਪ੍ਰਧਾਨ ਨੇ ਕਿਹਾ, ‘‘ਜੇ ਕੋਈ ਉਮੀਦਵਾਰ ਮੁੜ ਪ੍ਰੀਖਿਆ ਨਹੀਂ ਦੇੇਣਾ ਚਾਹੁੰਦਾ ਤਾਂ ਉਸ ਵੱਲੋਂ ਪਹਿਲਾਂ ਲਏ ਅੰਕਾਂ, ਜਿਸ ਵਿਚ ਗਰੇਸ ਅੰਕ ਸ਼ਾਮਲ ਨਹੀਂ ਹੋਣਗੇ, ਦੇ ਅਧਾਰ ’ਤੇ ਨਤੀਜਾ ਐਲਾਨਿਆ ਜਾਵੇਗਾ। ਪਹਿਲਾਂ ਵੀ ਜਿਹੜੇ ਗਰੇਸ ਅੰਕ ਦਿੱਤੇ ਜਾਂਦੇ ਸਨ, ਉਹ ਐੱਨਟੀਏ ਆਪਣੀ ਮਨਮਰਜ਼ੀ ਨਾਲ ਨਹੀਂ ਬਲਕਿ ਸੁਪਰੀਮ ਕੋਰਟ ਦੇ ਫਾਰਮੂਲੇ ਦੇ ਅਧਾਰ ’ਤੇ ਦਿੰਦੀ ਸੀ। ਜੇ ਕਿਤੇ ਕੋਈ ਬੇਨਿਯਮੀਆਂ ਹਨ, ਤਾਂ ਉਨ੍ਹਾਂ ਨੂੰ ਦੂਰ ਕੀਤਾ ਜਾਵੇਗਾ।’’ -ਪੀਟੀਆਈ
ਮੁੱਦਾ ਸੰਸਦ ਅੰਦਰ ਗੂੰਜੇਗਾ: ਕਾਂਗਰਸ
ਨਵੀਂ ਦਿੱਲੀ: ਕਾਂਗਰਸ ਨੇ ਅੱਜ ਮੁੜ ਨੀਟ-ਯੂਜੀ ਪ੍ਰੀਖਿਆ ਵਿਵਾਦ ਦੀ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਪਾਰਟੀ ਨੇ ਜ਼ੋਰ ਦੇ ਕੇ ਆਖਿਆ ਕਿ ਇਸ ਮਸਲੇ ਨੂੰ ਲੈ ਕੇ ਦੇਸ਼ ਦਾ ਗੁੱਸਾ ‘ਸੰਸਦ ਦੇ ਅੰਦਰ ਵੀ ਗੂੰਜੇਗਾ’। ਵਿਰੋਧੀ ਪਾਰਟੀ ਨੇ ਨੈਸ਼ਨਲ ਟੈਸਟਿੰਗ ਏਜੰਸੀ (ਐੱਨਟੀਏ) ਦੇ ਡਾਇਰੈਕਟਰ ਨੂੰ ਹਟਾਉਣ ਦੀ ਮੰਗ ਵੀ ਕੀਤੀ। ਕਾਂਗਰਸ ਨੇ ਕਿਹਾ ਕਿ ਨੀਟ ਪ੍ਰੀਖਿਆ ਦੀ ਜਾਂਚ ਕਰਵਾਉਣ ਦੀ ਮੰਗ ਨੂੰ ਲੈ ਕੇ ਭਾਜਪਾ ਸਰਕਾਰ ਦਾ ਰਵੱਈਆ ‘ਗ਼ੈਰਜ਼ਿੰਮੇਵਾਰੀ ਵਾਲਾ ਤੇ ਅਸੰਵੇਦਨਸ਼ੀਲ’ ਹੈ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਪਿਛਲੇ ਦਸ ਸਾਲਾਂ ਵਿਚ ਮੋਦੀ ਸਰਕਾਰ ਨੇ ਪੇਪਰ ਲੀਕ ਤੇ ਜੋੜ-ਤੋੜ ਨਾਲ ਕਰੋੜਾਂ ਨੌਜਵਾਨਾਂ ਦਾ ਭਵਿੱਖ ਤਬਾਹ ਕਰ ਦਿੱੱਤਾ ਹੈ। ਕਾਂਗਰਸ ਪ੍ਰਧਾਨ ਨੇ ਕਿਹਾ, ‘‘ਨੀਟ ਪ੍ਰੀਖਿਆ ਵਿਚ ਗਰੇਸ ਅੰਕ ਹੀ ਇਕੋ ਇਕ ਸਮੱਸਿਆ ਨਹੀਂ ਸਨ। ਪ੍ਰੀਖਿਆ ਨਾਲ ਛੇੜਛਾੜ ਹੋਈ, ਪੇਪਰ ਲੀਕ ਹੋਏ, ਭ੍ਰਿਸ਼ਟਾਚਾਰ ਹੋਇਆ। ਨੀਟ ਪ੍ਰੀਖਿਆ ਵਿਚ ਬੈਠਣ ਵਾਲੇ 24 ਲੱਖ ਵਿਦਿਆਰਥੀਆਂ ਦਾ ਭਵਿੱਖ ਮੋਦੀ ਸਰਕਾਰ ਦੀ ਕਰਨੀ ਕਰ ਕੇ ਦਾਅ ’ਤੇ ਹੈ।’’ ਖੜਗੇ ਨੇ ਦਾਅਵਾ ਕੀਤਾ ਕਿ ਪ੍ਰੀਖਿਆ ਕੇਂਦਰ ਤੇ ਕੋਚਿੰਗ ਸੈਂਟਰ ਵਿਚ ਗੰਢਤੁਪ ਕੀਤੀ ਗਈ, ਜਿੱਥੇ ‘ਪੈਸੇ ਦੇ ਕੇ ਪੇਪਰ ਹਾਸਲ ਕਰਨ’ ਦੀ ਖੇਡ ਖੇਡੀ ਗਈ। ਖੜਗੇ ਨੇ ਇਕ ਪੋਸਟ ਵਿਚ ਕਿਹਾ, ‘‘ਮੋਦੀ ਸਰਕਾਰ ਆਪਣੀ ਕਰਨੀ ਦੀ ਜ਼ਿੰਮੇਵਾਰੀ ਐੱਨਟੀਏ ਦੇ ਮੋਢਿਆਂ ’ਤੇ ਪਾ ਕੇ ਆਪਣੀ ਜ਼ਿੰਮੇਵਾਰੀ ਤੋਂ ਫ਼ਾਰਗ ਨਹੀਂ ਹੋ ਸਕਦੀ। ਨੀਟ ਘੁਟਾਲੇ ਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ। -ਪੀਟੀਆਈ