ਜਸਵੰਤ ਜੱਸ
ਫਰੀਦਕੋਟ, 13 ਜੂਨ
ਫਰੀਦਕੋਟ ਦੇ ਪਿੰਡ ਪਹਿਲੂਵਾਲਾ ਤੋਂ ਖਵਾਜਾ ਖੜਕ ਸਿੰਘ ਤੱਕ 12 ਕਰੋੜ ਦੀ ਲਾਗਤ ਨਾਲ ਬਣਾਈ ਜਾ ਰਹੀ ਨਵੀਂ ਸੜਕ ਵਿਵਾਦਾਂ ਵਿੱਚ ਘਿਰ ਗਈ ਹੈ। ਪਿੰਡ ਪਹਿਲੂਆਲਾ ਦੇ ਇੱਕ ਦਰਜਨ ਵਸਨੀਕਾਂ ਨੇ ਵਿਧਾਇਕ ਨੂੰ ਲਿਖਤੀ ਸ਼ਿਕਾਇਤ ਕਰਕੇ ਦੱਸਿਆ ਹੈ ਕਿ ਠੇਕੇਦਾਰ ਵੱਲੋਂ ਕਥਿਤ ਸੜਕ ਨੂੰ ਪੰਜਾਬ ਸਰਕਾਰ ਅਤੇ ਬੀ ਐਂਡ ਆਰ ਦੇ ਨਿਯਮਾਂ ਮੁਤਾਬਕ ਨਹੀਂ ਬਣਾਇਆ ਜਾ ਰਿਹਾ ਅਤੇ ਸੜਕ ਉੱਪਰ ਬਜਰੀ, ਬਰੀਕ ਬਜਰੀ ਅਤੇ ਲੁੱਕ ਵੀ ਸਹੀ ਤਰੀਕੇ ਨਾਲ ਨਹੀਂ ਪਾਈ ਜਾ ਰਹੀ ਅਤੇ ਸੜਕ ਦੇ ਕੰਢੇ ਵੀ ਸਹੀ ਤਰੀਕੇ ਨਾਲ ਨਹੀਂ ਬਣਾਏ ਗਏ, ਜਿਸ ਕਰਕੇ ਸੜਕ ਬਣਨ ਤੋਂ ਪਹਿਲਾਂ ਹੀ ਟੁੱਟਣੀ ਸ਼ੁਰੂ ਹੋ ਗਈ ਹੈ। ਪਿੰਡ ਪੱਖੀ ਕਲਾਂ ਅਤੇ ਪਹਿਲੂਵਾਲਾ ਦੇ ਵਸਨੀਕ ਲਖਵਿੰਦਰ ਸਿੰਘ, ਮਨਜੀਤ ਸਿੰਘ, ਗੁਰਮੀਤ ਸਿੰਘ, ਮਹਿੰਦਰ ਸਿੰਘ, ਗੁਰਬਚਨ ਸਿੰਘ, ਸਿਮਰਜੀਤ ਸਿੰਘ, ਸ਼ੇਰ ਸਿੰਘ, ਰਣਧੀਰ ਸਿੰਘ, ਭੋਲਾ ਸਿੰਘ, ਬੇਅੰਤ ਸਿੰਘ ਅਤੇ ਗੁਰਨਾਮ ਸਿੰਘ ਨੇ ਇਹ ਮਾਮਲਾ ਵਿਧਾਇਕ ਦੇ ਧਿਆਨ ਵਿੱਚ ਲਿਆਂਦਾ ਹੈ। ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋ ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਫੰਡਾਂ ਨਾਲ 12 ਕਰੋੜ ਦੀ ਲਾਗਤ ਨਾਲ ਪਿੰਡ ਪਹਿਲੂਵਾਲਾ ਤੋਂ ਖਵਾਜਾ ਖੜਕ ਸਿੰਘ ਤੱਕ ਨਵੀਂ ਸੜਕ ਬਣਾਈ ਜਾ ਰਹੀ ਹੈ। ਉਨ੍ਹਾਂਕਿਹਾ ਕਿ ਪਿੰਡ ਵਾਸੀਆਂ ਦੀ ਲਿਖਤੀ ਸ਼ਿਕਾਇਤ ਮਿਲਣ ਤੋਂ ਬਾਅਦ ਬੀ.ਐਡ.ਆਰ ਵਿਭਾਗ ਦੇ ਸਕੱਤਰ ਨੂੰ ਇਸ ਮਾਮਲੇ ਦੀ ਤੁਰੰਤ ਜਾਂਚ ਕਰਨ ਲਈ ਕਿਹਾ ਗਿਆ ਹੈ। ਉਹਨਾਂ ਕਿਹਾ ਕਿ ਕਿਸੇ ਵੀ ਸੜਕ ਤੇ ਘਟੀਆ ਮਟੀਰੀਅਲ ਵਰਤਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਉਹ ਖੁਦ ਨਵੀਆਂ ਬਣ ਰਹੀਆਂ ਸੜਕਾਂ ਦਾ ਵਿਭਾਗ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਦੌਰਾ ਕਰ ਰਹੇ ਹਨ।