ਰਾਂਚੀ, 13 ਜੂਨ
ਝਾਰਖੰਡ ਹਾਈ ਕੋਰਟ ਨੇ ਜ਼ਮੀਨ ਘੁਟਾਲੇ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਜੇਲ੍ਹ ’ਚ ਬੰਦ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਜ਼ਮਾਨਤ ਅਰਜ਼ੀ ’ਤੇ ਅੱਜ ਫੈਸਲਾ ਰਾਖਵਾਂ ਰੱਖ ਲਿਆ। ਸੋਰੇਨ ਦੇ ਵਕੀਲਾਂ ਅਤੇ ਐਨਫੋਰਸਮੈਂਟ ਡਾਇਰੈਕਟੋਰੇਟ ਦੋਹਾਂ ਦੀਆਂ ਦਲੀਲਾਂ ਸਮਾਪਤ ਹੋਣ ਤੋਂ ਬਾਅਦ ਅਦਾਲਤ ਨੇ ਆਪਣਾ ਫੈਸਲਾ ਰਾਖਵਾਂ ਰੱਖ ਲਿਆ।
ਮਾਮਲੇ ਦੇ ਸਬੰਧ ਵਿੱਚ 31 ਜਨਵਰੀ ਨੂੰ ਈਡੀ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਸੋਰੇਨ ਨੇ ਹਾਈ ਕੋਰਟ ਨੂੰ ਮਾਮਲੇ ਦੀ ਤੁਰੰਤ ਸੁਣਵਾਈ ਦੀ ਅਪੀਲ ਕੀਤੀ ਸੀ।
ਸੋਰੇਨ ਦੀ ਵਕੀਲ ਮੀਨਾਕਸ਼ੀ ਅਰੋੜਾ ਨੇ ਤਰਕ ਦਿੱਤਾ ਕਿ ਝਾਰਖੰਡ ਮੁਕਤੀ ਮੋਰਚਾ ਦੇ ਕਾਰਜਕਾਰੀ ਪ੍ਰਧਾਨ ਸੋਰੇਨ ਨੂੰ ਗਲਤ ਤਰੀਕੇ ਨਾਲ ਨਿਸ਼ਾਨਾ ਬਣਾਇਆ ਗਿਆ ਹੈ। ਉਨ੍ਹਾਂ ਨੇ ਸੋਰੇਨ ਖ਼ਿਲਾਫ਼ ਮਾਮਲੇ ਨੂੰ ਸਿਆਸਤ ਤੋਂ ਪ੍ਰੇਰਿਤ ਅਤੇ ਮਨਘੜਤ ਦੱਸਿਆ। ਈਡੀ ਨੇ ਸੋਰੇਨ ਦੀ ਜ਼ਮਾਨਤ ਅਰਜ਼ੀ ਦਾ ਵਿਰੋਧ ਕਰਦੇ ਹੋਏ ਦੋਸ਼ ਲਾਇਆ ਕਿ ਸੋਰੇਨ ਨੇ ਸੂਬੇ ਦੀ ਰਾਜਧਾਨੀ ਰਾਂਚੀ ਵਿੱਚ ਬਾਰਗੇਨ ਅੰਚਲ ਇਲਾਕੇ ’ਚ 8.86 ਏਕੜ ਜ਼ਮੀਨ ਨਾਜਾਇਜ਼ ਤੌਰ ’ਤੇ ਹਾਸਲ ਕਰਨ ਵਾਸਤੇ ਅਹੁਦੇ ਦਾ ਗ਼ਲਤ ਇਸਤੇਮਾਲ ਕੀਤਾ। -ਪੀਟੀਆਈ
ਹੇਮੰਤ ਸੋਰੇਨ ਖ਼ਿਲਾਫ਼ ਮਨੀ ਲਾਂਡਰਿੰਗ ਕੇਸ ’ਚ ਇਕ ਹੋਰ ਗ੍ਰਿਫ਼ਤਾਰ
ਰਾਂਚੀ: ਈਡੀ ਨੇ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਤੇ ਕੁਝ ਹੋਰਨਾਂ ਖ਼ਿਲਾਫ਼ ਦਰਜ ਜ਼ਮੀਨ ਹਥਿਆਉਣ ਨਾਲ ਸਬੰਧਤ ਇਕ ਮਨੀ ਲਾਂਡਰਿੰਗ ਮਾਮਲੇ ਦੇ ਸਬੰਧ ਵਿੱਚ ਇਕ ਕਥਿਤ ਦਲਾਲ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰਤ ਸੂਤਰਾਂ ਮੁਤਾਬਕ ਇੱਥੇ ਸਥਿਤ ਸੰਘੀ ਏਜੰਸੀ ਦੇ ਜ਼ੋਨਲ ਦਫ਼ਤਰ ਵਿੱਚ ਹੋਈ ਪੁੱਛ-ਪੜਤਾਲ ਤੋਂ ਬਾਅਦ 39 ਸਾਲਾ ਸ਼ੇਖਰ ਪ੍ਰਸਾਦ ਮਾਹਤੋ ਉਰਫ ਸ਼ੇਖਰ ਕੁਸ਼ਵਾਹਾ ਨੂੰ ਮਨੀ ਲਾਂਡਰਿੰਗ ਦੀ ਰੋਕਥਾਮ ਸਬੰਧੀ ਕਾਨੂੰਨ (ਪੀਐੱਮਐੱਲਏ) ਦੇ ਪ੍ਰਬੰਧਾਂ ਤਹਿਤ ਬੁੱਧਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਰਾਂਚੀ ਵਿੱਚ 22.61 ਕਰੋੜ ਰੁਪਏ ਕੀਮਤ ਦੀ 4.83 ਏਕੜ ਜ਼ਮੀਨ ਗ੍ਰਹਿਣ ਕਰਨ ਵਾਸਤੇ ਇਕ ਫ਼ਰਜ਼ੀ ਇਕਰਾਰਨਾਮਾ ਤਿਆਰ ਕਰਨ ਅਤੇ ਸਰਕਾਰੀ ਰਿਕਾਰਡ ਨਾਲ ਛੇੜਛਾੜ ਕਰਨ ਵਿੱਚ ਕਥਿਤ ਤੌਰ ’ਤੇ ਮਾਹਤੋ ਦੀ ਮਾਮਲੇ ਦੇ ਮੁੱਖ ਮੁਲਜ਼ਮ ਅਤੇ ਮਾਲ ਵਿਭਾਗ ਦੇ ਸਾਬਕਾ ਸਬ ਇੰਸਪੈਕਟਰ ਭਾਨੂ ਪ੍ਰਤਾਪ ਨਾਲ ਮਿਲੀਭੁਗਤ ਸੀ। -ਪੀਟੀਆਈ