ਗਗਨਦੀਪ ਅਰੋੜਾ
ਲੁਧਿਆਣਾ, 13 ਜੂਨ
ਇੱਥੇ ਦੇ ਚੀਮਾ ਚੌਕ ਸਥਿਤ ਨਗਰ ਨਿਗਮ ਦੇ ਤਹਿਬਾਜ਼ਾਰੀ ਗੁਦਾਮ ’ਚ ਅੱਜ ਸਵੇਰੇ ਅਚਾਨਕ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਅੱਗ ਜ਼ਿਆਦਾ ਫੈਲ ਗਈ ਤੇ ਉਥੇ ਪਏ ਫਲੈਕਸ ਬੋਰਡ ਤੇ ਹੋਰ ਸਾਮਾਨ ਸੜ ਕੇ ਸੁਆਹ ਹੋ ਗਿਆ। ਅੱਗ ਦਾ ਧੂੰਆਂ ਕਈ ਕਿਲੋਮੀਟਰ ਤੱਕ ਪਹੁੰਚ ਗਿਆ ਜਿਸ ਕਾਰਨ ਆਸਪਾਸ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਗੁਦਾਮ ’ਚ ਪਏ ਦੋ ਸਿਲੰਡਰ ਵੀ ਅੱਗ ’ਚ ਲਪੇਟ ’ਚ ਆ ਗਏ ਅਤੇ ਧਮਾਕਾ ਹੋਇਆ। ਅੱਗ ਲੱਗਣ ਨਾਲ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਅੰਦਰ ਪਏ ਫਲੈਕਸ ਬੋਰਡ, ਲੋਕਾਂ ਦੀਆਂ ਨਗਰ ਨਿਗਮ ਵੱਲੋਂ ਚੁੱਕੀਆਂ ਰੇਹੜੀਆਂ ਤੇ ਹੋਰ ਸਾਮਾਨ ਸੜ ਕੇ ਸੁਆਹ ਹੋ ਗਿਆ। ਸੂਚਨਾ ਮਿਲਣ ਤੋਂ ਬਾਅਦ ਅੱਗ ਬੁਝਾਊ ਅਮਲੇ ਦੀਆਂ ਕਰੀਬ ਚਾਰ ਗੱਡੀਆਂ ਮੌਕੇ ’ਤੇ ਪੁੱਜੀਆਂ ਜਿਨ੍ਹਾਂ ਨੇ ਇੱਕ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾ ਲਿਆ।
ਨਗਰ ਨਿਗਮ ਵੱਲੋਂ ਤਹਿਬਾਜ਼ਾਰੀ ਗੁਦਾਮ ਚੀਮਾ ਚੌਕ ਕੋਲ ਸਥਿਤ ਘੋੜਾ ਕਲੋਨੀ ’ਚ ਬਣਾਇਆ ਗਿਆ ਹੈ ਜਿੱਥੇ ਸ਼ਹਿਰ ਦੇ ਕਈ ਇਲਾਕਿਆਂ ’ਚ ਨਾਜਾਇਜ਼ ਕਬਜ਼ਾ ਕਰ ਬੈਠੇ ਲੋਕਾਂ ਦੇ ਸਾਮਾਨ ਤੇ ਰੇਹੜੀਆਂ ਸਣੇ ਹੋਰ ਸਾਮਾਨ ਰੱਖਿਆ ਜਾਂਦਾ ਹੈ। ਵੀਰਵਾਰ ਦੀ ਸਵੇਰੇ ਇੱਕ ਮੁਲਾਜ਼ਮ ਉਥੇ ਡਿਊਟੀ ਕਰ ਰਿਹਾ ਸੀ। ਇਸੇ ਦੌਰਾਨ ਅਚਾਨਕ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਅੱਗ ਫੈਲ ਗਈ ਕਿ ਆਸਪਾਸ ਦੇ ਲੋਕ ਉਥੇ ਪੁੱਜਣੇ ਸ਼ੁਰੂ ਹੋ ਗਏ। ਅੱਗ ਦਾ ਧੂੰਆਂ ਕਈ ਕਿਲੋਮੀਟਰ ਤੱਕ ਪੁੱਜ ਗਿਆ। ਸੂਚਨਾ ਮਿਲਦੇ ਹੀ ਨਗਰ ਨਿਗਮ ਦੇ ਉਚ ਅਧਿਕਾਰੀ ਅਤੇ ਤਹਿਬਾਜ਼ਾਰੀ ਇੰਸਪੈਕਟਰ ਸੁਨੀਲ ਪੁਲੀਸ ਟੀਮ ਨਾਲ ਮੌਕੇ ’ਤੇ ਪੁੱਜੇ। ਪਹਿਲਾਂ ਤਾਂ ਉਥੇ ਮੌਜੂਦ ਲੋਕਾਂ ਨੇ ਅਤੇ ਨਗਰ ਨਿਗਮ ਦੇ ਮੁਲਾਜ਼ਮਾਂ ਨੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਕਾਬੂ ਨਾ ਪਾਇਆ ਜਾ ਸਕਿਆ ਜਿਸ ਤੋਂ ਬਾਅਦ ਇਸ ਦੀ ਜਾਣਕਾਰੀ ਅੱਗ ਬੁਝਾਊ ਅਮਲੇ ਨੂੰ ਦਿੱਤੀ ਗਈ। ਅੱਗ ਬੁਝਾਊ ਅਮਲੇ ਦੀਆਂ ਕਰੀਬ 4 ਗੱਡੀਆਂ ਮੌਕੇ ’ਤੇ ਪੁੱਜੀਆਂ ਤੇ ਅੱਗ ’ਤੇ ਕਾਬੂ ਪਾਇਆ। ਤਹਿਬਾਜ਼ਾਰੀ ਇੰਸਪੈਕਟਰ ਸੁਨੀਲ ਕੁਮਾਰ ਨੇ ਦੱਸਿਆ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੋਣ ਦਾ ਸ਼ੱਕ ਹੈ, ਬਾਕੀ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅੰਦਰ ਪਏ ਦੋ ਸਿਲੰਡਰ ਫਟਣ ਦੀ ਵੀ ਸੂਚਨਾ ਹੈ। ਜਾਂਚ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।
ਲਗਾਤਾਰ ਵਧ ਰਹੀਆਂ ਹਨ ਅੱਗ ਦੀਆਂ ਘਟਨਾਵਾਂ
ਲੁਧਿਆਣਾ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ। ਸ਼ਹਿਰ ਵਿੱਚ ਰੋਜ਼ਾਨਾ ਇੱਕ ਦੋ ਥਾਵਾਂ ’ਤੇ ਅੱਗ ਲੱਗ ਰਹੀ ਹੈ ਜਿਸ ਵਿੱਚ ਲੋਕਾਂ ਦਾ ਲੱਖਾਂ ਦਾ ਨੁਕਸਾਨ ਹੋ ਰਿਹਾ ਹੈ। ਗਰਮੀ ਕਾਰਨ ਅੱਗ ਦੀਆਂ ਘਟਨਾਵਾਂ ਜ਼ਿਆਦਾ ਵੱਧ ਰਹੀਆਂ ਹਨ। ਜ਼ਿਆਦਾਤਰ ਸ਼ਾਰਟ ਸਰਕਟ ਕਾਰਨ ਅੱਗਾਂ ਲੱਗ ਰਹੀਆਂ ਹਨ। ਅੱਗ ਬੁਝਾਊ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਪਿਛਲੇ ਇੱਕ ਮਹੀਨੇ ਤੋਂ ਲਗਾਤਾਰ ਅੱਗ ਦੀਆਂ ਘਟਨਾਵਾਂ ਵਿੱਚ ਵਾਧਾ ਹੋ ਰਿਹਾ ਹੈ। ਜ਼ਿਆਦਾਤਰ ਅੱਗ ਦੀਆਂ ਵਾਰਦਾਤਾਂ ਸਨਅਤਾਂ ਵਿੱਚ ਲੱਗ ਰਹੀਆਂ ਹਨ। ਜਿਸ ਕਰਕੇ ਲੋਕਾਂ ਦਾ ਕਾਫ਼ੀ ਨੁਕਸਾਨ ਹੋ ਰਿਹਾ ਹੈ। ਅੱਗ ਲੱਗਣ ਦਾ ਜ਼ਿਆਦਾਤਰ ਘਟਨਾਵਾਂ ਸ਼ਾਰਟ ਸਰਕਟ ਹੋਣ ਕਰਕੇ ਹੋ ਰਹੀਆਂ। ਉਨ੍ਹਾਂ ਨੇ ਦੱਸਿਆ ਕਿ ਕਈ ਵਾਹਨਾਂ ਨੂੰ ਵੀ ਅੱਗ ਲੱਗ ਚੁੱਕੀ ਹੈ। ਇਸ ਦੇ ਨਾਲ ਹੀ ਲੁਧਿਆਣਾ ਵਿੱਚ ਹੌਜ਼ਰੀ ਵੇਸਟ ਦੇ ਗੁਦਾਮ, ਬਿਜਲੀ ਦੇ ਟਰਾਂਸਫਾਰਮਰ ਤੇ ਖੇਤਾਂ ਵਿੱਚ ਵੀ ਅੱਗ ਲੱਗਣ ਦੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਅੱਗ ਲੱਗਣ ਦੀਆਂ ਘਟਨਾਵਾਂ ਤੋਂ ਬਚਣ ਲਈ ਬਿਜਲੀ ਦੀਆਂ ਤਾਰਾਂ ਦੀ ਨਿਯਮਤ ਸਮੇਂ ’ਤੇ ਜਾਂਚ ਕਰਵਾਈ ਜਾਵੇ।