ਖੇਤਰੀ ਪ੍ਰਤੀਨਿਧ
ਲੁਧਿਆਣਾ, 13 ਜੂਨ
ਨਵਚੇਤਨਾ ਬਾਲ ਭਲਾਈ ਕਮੇਟੀ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਬਾਲ ਮਜ਼ਦੂਰੀ ਦੇ ਖਾਤਮੇ ਅਤੇ ਬਾਲ ਅਧਿਕਾਰਾਂ ਨੂੰ ਬਚਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਬਾਲ ਮਜ਼ਦੂਰੀ ਦੇ ਖ਼ਾਤਮੇ ਸਬੰਧੀ ਪ੍ਰਧਾਨ ਸੁਖਧੀਰ ਸਿੰਘ ਸੇਖੋਂ ਦੀ ਅਗਵਾਈ ਹੇਠ ਨਵਚੇਤਨਾ ਬਾਲ ਭਲਾਈ ਕਮੇਟੀ ਦੀ ਮੀਟਿੰਗ ਸਥਾਨਕ ਸਰਕਟ ਹਾਊਸ ਵਿਖੇ ਕੀਤੀ ਗਈ ਜਿਸ ਵਿੱਚ ਨਵਚੇਤਨਾ ਆਰਟਿਸਟ ਵਿੰਗ ਦੁਆਰਾ ਆਰਟਿਸਟ ਅਮਰ ਸਿੰਘ ਦੁਆਰਾ ਬਾਲ ਮਜ਼ਦੂਰੀ ਦੀ ਹਾਲਤ ਦਰਸਾਉਂਦੀ ਪੇਂਟਿੰਗ ਲੋਕ ਅਰਪਣ ਕੀਤੀ ਗਈ।
ਇਸ ਮੌਕੇ ਆਰਟਿਸਟ ਅਮਰ ਸਿੰਘ ਨੇ ਦੱਸਿਆ ਕਿ ਅਕਸਰ ਫੈਕਟਰੀਆਂ, ਦੁਕਾਨਾਂ ਆਦਿ ਉੱਪਰ ਘੱਟ ਉਮਰ ਦੇ ਬੱਚਿਆਂ ਨੂੰ ਘੱਟ ਤਨਖਾਹ ਉੱਪਰ ਮਜ਼ਦੂਰੀ ਕਰਵਾਈ ਜਾਂਦੀ ਹੈ। ਇਸ ਨਾਲ ਬੱਚਾ ਆਪਣੇ ਪੜ੍ਹਨ ਦੇ ਹੱਕ ਤੋਂ ਵਾਂਝਾ ਰਹਿ ਜਾਂਦਾ ਹੈ। ਇਸ ਪੇਂਟਿੰਗ ਰਾਹੀਂ ਫੈਕਟਰੀ ਵਿੱਚ ਕੰਮ ਕਰਦੇ ਹੋਏ ਬੱਚੇ ਦੀ ਹਾਲਤ ਅਤੇ ਉਸਦਾ ਅੰਦਰਲਾ ਦਰਦ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਕਮੇਟੀ ਦੇ ਸੁਖਧੀਰ ਸੇਖੋਂ ਅਤੇ ਸੀਨੀਅਰ ਸਿਟੀਜ਼ਨ ਕੌਂਸਲ ਦੇ ਪ੍ਰਧਾਨ ਅਨਿਲ ਸ਼ਰਮਾ ਨੇ ਪ੍ਰਸ਼ਾਸਨ ਨੂੰ ਬਾਲ ਮਜ਼ਦੂਰੀ ਨੂੰ ਖ਼ਤਮ ਕਰਨ ਲਈ ਲਗਾਤਾਰ ਕਦਮ ਚੁੱਕਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਲੁਧਿਆਣਾ ਜ਼ਿਲ੍ਹੇ ਦੇ ਸਲੱਮ ਇਲਾਕਿਆਂ ਵਿੱਚ ਬਹੁਤ ਸਾਰੇ ਸਕੂਲੋਂ ਵਿਰਵੇ ਬੱਚੇ ਹਨ ਜੋ ਕੂੜਾ ਚੁੱਕਣ, ਲੋਹਾ ਇਕੱਠਾ ਕਰਨ ਦਾ ਕੰਮ ਕਰਦੇ ਹਨ। ਪ੍ਰਸ਼ਾਸਨ ਨੂੰ ਅਹਿਮ ਕਦਮ ਚੁੱਕ ਕੇ ਇਹਨਾਂ ਬੱਚਿਆਂ ਨੂੰ ਨੇੜੇ ਦੇ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣਾ ਚਾਹੀਦਾ ਹੈ। ਇਸ ਮੌਕੇ ਨਵਚੇਤਨਾ ਵਿਮੈਨ ਫਰੰਟ ਦੇ ਪ੍ਰਧਾਨ ਪਲਵੀ ਗਰਗ, ਜਨਰਲ ਸਕੱਤਰ ਕੀਰਤੀ ਸ਼ਰਮਾ ਅਤੇ ਰਜਨੀ ਕਾਲੜਾ ਨੇ ਆਰਟਿਸਟ ਅਮਰ ਸਿੰਘ ਵੱਲੋਂ ਤਿਆਰ ਪੇਂਟਿੰਗ ਦੀ ਸ਼ਲਾਘਾ ਕਰਦਿਆਂ ਇਸ ਨੂੰ ਸਮਾਜ ਲਈ ਵਧੀਆ ਸੁਨੇਹਾ ਦੱਸਿਆ। ਇਸ ਮੌਕੇ ਆਰਟਿਸਟ ਹਰੀ ਮੋਹਨ, ਰਿਤੂ ਧੀਰ, ਆਰਟਿਸਟ ਮੋਨਿਕਾ ਚੁੱਘ, ਰਮਨੀਕ ਬਾਲਾ ਅਤੇ ਕਿਸ਼ੋਰ ਕਾਲੜਾ ਹਾਜ਼ਰ ਸਨ।