ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 13 ਜੂਨ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਆਡੀਟੋਰੀਅਮ ਵਿੱਚ ਯੋਗ ਦਿਵਸ ਨੂੰ ਸਮਰਪਿਤ ਸਮਾਰੋਹ ਕਰਵਾਇਆ ਗਿਆ। ਬੋਰਡ ਮੁਖੀ ਡਾ. ਸਤਿਬੀਰ ਬੇਦੀ ਨੇ ਸਮਾਗਮ ਦਾ ਆਗਾਜ਼ ਕੀਤਾ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼ੁਰੂ ਕੀਤੀ ਸੀਐੱਮ ਦੀ ਯੋਗਸ਼ਾਲਾ ਪ੍ਰੋਗਰਾਮ ਸਬੰਧੀ ਵੀਡੀਓ ਸੰਦੇਸ਼ ਰਾਹੀਂ ਜਾਣਕਾਰੀ ਦਿੰਦਿਆਂ ਪੰਜਾਬ ਦੇ ਲੋਕਾਂ ਨੂੰ ਇਸ ਪ੍ਰੋਗਰਾਮ ਵਿੱਚ ਵਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਆ ਗਿਆ। ਕਰਮਚਾਰੀ ਐਸੋਸੀਏਸ਼ਨ ਦੇ ਪ੍ਰਧਾਨ ਪਰਵਿੰਦਰ ਸਿੰਘ ਖੰਗੂੜਾ ਦੀ ਅਪੀਲ ’ਤੇ ਵੱਡੀ ਗਿਣਤੀ ਮੁਲਾਜ਼ਮਾਂ ਨੇ ਯੋਗ ਦਿਵਸ ਦਾ ਬਾਈਕਾਟ ਕੀਤਾ।
ਬਾਈਕਾਟ ਦੀ ਖ਼ਬਰ ਸੁਣਦਿਆਂ ਮੈਨੇਜਮੈਂਟ ਵੱਲੋਂ ਆਡੀਟੋਰੀਅਮ ਵਿੱਚ ਇਕੱਠ ਦਿਖਾਉਣ ਲਈ ਆਊਟਸੋਰਸ ਲਗਪਗ 50 ਸਫ਼ਾਈ ਕਰਮਚਾਰੀਆਂ ਅਤੇ ਪੈਸਕੋ ਦੇ ਬੋਰਡ ਵਿੱਚ ਕੰਮ ਕਰਦੇ 40 ਸੁਰੱਖਿਆ ਮੁਲਾਜ਼ਮਾਂ ਨੂੰ ਸੱਦਿਆ ਗਿਆ। ਇਸ ਤੋਂ ਇਲਾਵਾ ਬੋਰਡ ਦੇ ਉੱਚ ਅਧਿਕਾਰੀਆਂ ਅਤੇ ਉਨ੍ਹਾਂ ਦੇ ਨਿੱਜੀ ਸਟਾਫ਼ ਨੂੰ ਸ਼ਾਮਲ ਹੋਣ ਲਈ ਜ਼ੁਬਾਨੀ ਆਦੇਸ਼ ਕੀਤੇ ਗਏ। ਅਧਿਕਾਰੀਆਂ ਰਾਹੀਂ ਮੁਲਾਜ਼ਮਾਂ ’ਤੇ ਕਥਿਤ ਦਬਾਅ ਪਾ ਕੇ ਸਮਾਗਮ ਵਿੱਚ ਸ਼ਾਮਲ ਹੋਣ ਲਈ ਕਿਹਾ ਗਿਆ ਪਰ ਵੱਡੀ ਗਿਣਤੀ ਵਿੱਚ ਮੁਲਾਜ਼ਮਾਂ ਨੇ ਸ਼ਮੂਲੀਅਤ ਨਹੀਂ ਕੀਤੀ।
ਸ੍ਰੀ ਖੰਗੂੜਾ ਨੇ ਕਿਹਾ ਕਿ ਬੋਰਡ ਮੈਨੇਜਮੈਂਟ ਵੱਲੋਂ ਅੱਜ ਮਾਨਸਿਕ ਸਥਿਤੀ ਸਬੰਧੀ ਯੋਗ ਸੈਸ਼ਨ ਕਰਵਾਇਆ ਗਿਆ। ਬੋਰਡ ਦੀਆਂ ਵੱਖ-ਵੱਖ ਬਰਾਂਚਾਂ ਵਿੱਚ ਮੁਲਾਜ਼ਮਾਂ ਦੀ ਵੱਡੀ ਘਾਟ ਦੇ ਚੱਲਦਿਆਂ ਮੁਲਾਜ਼ਮਾਂ ’ਤੇ ਕੰਮ ਦਾ ਵਾਧੂ ਬੋਝ ਵਧਣ ਕਾਰਨ ਉਹ ਤਣਾਅ ਦੇ ਸ਼ਿਕਾਰ ਹਨ। ਇਸ ਕਾਰਨ ਵੱਡੀ ਗਿਣਤੀ ਮੁਲਾਜ਼ਮ ਸਵੈਇੱਛਤ ਸੇਵਾਮੁਕਤੀ ਲੈ ਚੁੱਕੇ ਹਨ ਅਤੇ ਕਈ ਸੇਵਾਮੁਕਤੀ ਲੈਣ ਦੀ ਤਿਆਰੀ ’ਚ ਹਨ ਪਰ ਮੈਨੇਜਮੈਂਟ ਇਸ ਪਾਸੇ ਧਿਆਨ ਨਹੀਂ ਦੇ ਰਹੀ।
ਇਸ ਮੌਕੇ ਡਾ. ਸਤਬੀਰ ਬੇਦੀ ਨੇ ਹਾਜ਼ਰ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਯੋਗ ਦੀ ਮਹੱਤਤਾ ਬਾਰੇ ਦੱਸਿਆ।