ਡਾ. ਹਿਮਾਂਸ਼ੂ ਸੂਦ
ਫ਼ਤਹਿਗੜ੍ਹ ਸਾਹਿਬ, 13 ਜੂਨ
ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਤਿੰਬਰਪੁਰ ਦੇ ਵਾਸੀਆਂ ਨੂੰ ਪੀਣ ਯੋਗ ਸਾਫ਼ ਪਾਣੀ ਮੁਹੱਈਆ ਕਰਵਾਉਣ ਲਈ ਲੱਗੇ ਆਰਓ ਸਿਸਟਮ ਦਾ ਪਿੱਛਲੇ ਸੱਤ ਸਾਲਾਂ ਤੋਂ ਜਿੰਦਰਾ ਤਕ ਨਹੀਂ ਖੁੱਲ੍ਹਿਆ ਹੈ। ਇਸ ਕਾਰਨ ਲੋਕਾਂ ਨੂੰ ਇਸ ਦਾ ਕੋਈ ਲਾਭ ਨਹੀਂ ਹੋ ਰਿਹਾ। ਇੱਥੇ ਲੱਗੀ ਮਹਿੰਗੇ ਭਾਅ ਦੀ ਮਸ਼ੀਨਰੀ ਲੋਕਾਂ ਲਈ ਚਿੱਟਾ ਹਾਥੀ ਸਾਬਤ ਹੋ ਰਹੀ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਅਤੇ ਜ਼ਿਲ੍ਹਾ ਪਰਿਸ਼ਦ ਦੇ ਸਾਬਕਾ ਚੇਅਰਮੈਨ ਬਲਜੀਤ ਸਿੰਘ ਭੁੱਟਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਜ਼ਿਲ੍ਹਾ ਪਰਿਸ਼ਦ ਫ਼ਤਹਿਗੜ੍ਹ ਸਾਹਿਬ ਨੇ ਧਰਤੀ ਹੇਠਲੇ ਪਾਣੀ ਦੇ ਨਮੂਨੇ ਜਾਂਚ ਕਰਵਾ ਕੇ ਜਿਨ੍ਹਾਂ ਪਿੰਡਾਂ ਵਿੱਚ ਧਰਤੀ ਹੇਠਲਾ ਪਾਣੀ ਖ਼ਰਾਬ ਸੀ, ਉਨ੍ਹਾਂ ਪਿੰਡਾਂ ਹਰਨਾ, ਸਲੇਮਪੁਰ, ਝਾਮਪੁਰ, ਮਨਹੇੜਾ, ਬੀਬੀ ਪੁਰ, ਭੈਣੀ ਕਲਾਂ, ਸਿੰਧੜਾ, ਰਿਊਨਾ ਨੀਵਾ, ਬਰਾਸ, ਬਡਾਲੀ ਮਾਈ ਕੀ ਅਤੇ ਜਮੀਤਗੜ੍ਹ ਆਦਿ ’ਚ ਆਰਓ ਸਿਸਟਮ ਲਗਵਾਏ ਸਨ। ਉਨ੍ਹਾਂ ਕਿਹਾ ਕਿ ਪਿੰਡ ਤਿੰਬਰਪੁਰ ਵਿੱਚ ਇਹ ਅਜੇ ਤੱਕ ਚਾਲੂ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਸੱਤ ਸਾਲ ਪਹਿਲਾਂ ਮੁਕੰਮਲ ਰੂਪ ਵਿੱਚ ਲਗਾਏ ਇਸ ਆਰਓ ਪਲਾਂਟ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਮੇਂ ਪਾਸ ਹੋਏ ਪ੍ਰਾਜੈਕਟ ਕਰ ਕੇ ਅੱਜ ਤੱਕ ਚਾਲੂ ਨਹੀਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਪਿੰਡ ਸਲੇਮਪੁਰ ਵਿੱਚ ਇਹ ਪ੍ਰਾਜੈਕਟ ਅੱਧ ਵਿਚਕਾਰ ਰੁਕਿਆ ਹੋਇਆ ਹੈ ਤੇ ਪਿੰਡ ਜਮੀਤਗੜ੍ਹ, ਰਿਊਨਾ ਨੀਵਾਂ ਆਦਿ ਵਿਚ ਖ਼ਰਾਬ ਹੋਏ ਆਰਓ ਸਿਸਟਮ ਨੂੰ ਠੀਕ ਨਹੀਂ ਕਰਵਾਇਆ ਗਿਆ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਪਲਾਂਟ ਨੂੰ ਚਾਲੂ ਕਰਵਾਇਆ ਜਾਵੇ। ਇਸ ਮੌਕੇ ਸਾਬਕਾ ਸਰਪੰਚ ਕੇਸਰ ਸਿੰਘ, ਸੁਖਵਿੰਦਰ ਸਿੰਘ, ਜਸਮੇਲ ਸਿੰਘ, ਹਰਵਿੰਦਰ ਸਿੰਘ ਸਿੱਧੜਾ, ਦਵਿੰਦਰ ਸਿੰਘ ਬਿੱਲਾ, ਸੱਤ ਪਾਲ ਸਿੰਘ ਅਤੇ ਯੂਥ ਆਗੂ ਹਰਸ਼ਦੀਪ ਸਿੰਘ ਬੁਚੜੇ ਆਦਿ ਹਾਜ਼ਰ ਸਨ।