ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 14 ਜੂਨ
ਵਿਸ਼ਵ ਖੂਨਦਾਨੀ ਦਿਵਸ ਮੌਕੇ ਟਰਾਂਸਫਿਊਜ਼ਨ ਮੈਡੀਸਨ ਵਿਭਾਗ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਸੈਕਟਰ-32 ਚੰਡੀਗੜ੍ਹ ਨੇ ਹਸਪਤਾਲ ਵਿੱਚ ਖੂਨਦਾਨ ਕੈਂਪ ਲਗਾਇਆ। ਕੈਂਪ ਦਾ ਉਦਘਾਟਨ ਡਾਇਰੈਕਟਰ ਪ੍ਰਿੰਸੀਪਲ ਪ੍ਰੋ. ਅਸ਼ੋਕ ਕੇ ਅੱਤਰੀ ਨੇ ਕੀਤਾ। ਇਸ ਮੌਕੇ ਫੈਕਲਟੀ, ਸਟਾਫ, ਵਿਦਿਆਰਥੀ, ਰੈਜ਼ੀਡੈਂਟ ਡਾਕਟਰਾਂ ਅਤੇ ਸ਼ਿਵਾਨੰਦ ਚੌਬੇ ਮੈਮੋਰੀਅਲ ਚੈਰੀਟੇਬਲ ਟਰੱਸਟ ਦੇ ਵਾਲੰਟੀਅਰਾਂ ਨੇ ਖੂਨ ਦਾਨ ਕੀਤਾ।
ਇਸ ਮੌਕੇ ਟਰਾਂਸਫਿਊਜ਼ਨ ਮੈਡੀਸਨ ਵਿਭਾਗ ਵੱਲੋਂ ਸ੍ਰੀ ਸ਼ਿਵ ਕੰਵਰ ਮਹਾਸੰਘ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਬਰਿੱਜ ਮਾਰਕੀਟ, ਸੈਕਟਰ-17 ਤੇ ਕੰਪਿਊਟਰ ਮਾਰਕੀਟ ਸੈਕਟਰ-20 ਵਿਚ ਵੀ ਖੂਨਦਾਨ ਕੈਂਪ ਵੀ ਲਗਾਏ ਗਏ। ਵਿਭਾਗ ਵੱਲੋਂ ਲਗਾਏ ਗਏ ਤਿੰਨ ਕੈਂਪਾਂ ਵਿੱਚ ਕੁੱਲ 280 ਖੂਨਦਾਨੀਆਂ ਨੇ ਖੂਨ ਦਾਨ ਕੀਤਾ।
ਮੁੱਖ ਮਹਿਮਾਨ ਡਾ. ਅਸ਼ੋਕ ਕੇ ਅੱਤਰੀ ਨੇ ਕਿਹਾ ਕਿ ਖੂਨਦਾਨ ਇੱਕ ਨੇਕ ਕਾਰਜ ਹੈ। ਉਨ੍ਹਾਂ ਇਸ ਮੌਕੇ 50 ਤੋਂ ਵੱਧ ਖੂਨਦਾਨ ਕਰਨ ਵਾਲੀਆਂ ਸੰਸਥਾਵਾਂ ਦਾ ਸਨਮਾਨ ਕੀਤਾ। ਥੈਲੇਸੀਮੀਆ ਦੇ ਮਰੀਜ਼ਾਂ ਨੂੰ ਵਿਸ਼ੇਸ਼ ਮੇਲ ਖਾਂਦਾ ਖੂਨ ਪ੍ਰਦਾਨ ਕਰਨ ਖੂਨਦਾਨੀਆਂ ਦਾ ਵੀ ਸਨਮਾਨ ਕੀਤਾ ਗਿਆ। ਡਿਪਾਰਟਮੈਂਟ ਆਫ ਟ੍ਰਾਂਸਫਿਊਜ਼ਨ ਮੈਡੀਸਨ ਦੀ ਮੁਖੀ ਡਾ. ਰਵਨੀਤ ਕੌਰ ਨੇ ਵਿਸ਼ਵ ਖੂਨਦਾਨੀ ਦਿਵਸ ਦੀ ਮਹੱਤਤਾ ਬਾਰੇ ਚਾਨਣਾ ਪਾਇਆ।